ਸ਼ਗਨ ਕਟਾਰੀਆ
ਬਠਿੰਡਾ, 10 ਅਕਤੂਬਰ
ਕਾਂਗਰਸ ਵਰਕਰਾਂ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਮੰਤਰੀ ਮੰਡਲ ’ਚੋਂ ਬਰਖ਼ਾਸਤਗੀ ਨੂੰ ਲੈ ਕੇ ਅੱਜ ਇੱਥੇ ਅੰਬੇਦਕਰ ਪਾਰਕ ਵਿਚ ਰੋਸ ਵਿਖਾਵਾ ਕੀਤਾ ਅਤੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਜੀਤਮੱਲ ਅਤੇ ਕਿਰਨਜੀਤ ਕੌਰ ਵਿਰਕ ਦੀ ਅਗਵਾਈ ਵਿੱਚ ਹੋਏ ਇਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਕੇਕੇ ਅਗਰਵਾਲ, ਮੋਹਨ ਲਾਲ ਝੂੰਬਾ, ਰਾਜਨ ਗਰਗ, ਅਸ਼ੋਕ ਕੁਮਾਰ, ਰੁਪਿੰਦਰ ਬਿੰਦਰਾ, ਕਿਰਨਜੀਤ ਸਿੰਘ ਗਹਿਰੀ ਨੇ ਪੰਜਾਬ ਸਰਕਾਰ ’ਤੇ ਫੇਲ੍ਹ ਹੋਣ ਦੇ ਇਹ ਕਹਿ ਕੇ ਦੋਸ਼ ਲਾਏ ਕਿ ਚੋਣਾਂ ਸਮੇਂ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀਆਂ ਵੱਲੋਂ ‘ਹਿੱਸੇਦਾਰੀ ਮੰਗਣ’ ਦੀਆਂ ਆਡੀਓ ਵਾਇਰਲ ਹੋ ਰਹੀਆਂ ਹਨ ਪਰ ਮੁੱਖ ਮੰਤਰੀ ਚੁੱਪ ਹਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਇਥੋਂ ਦੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨਾ ਦੇ ਕੇ ਵੱਢੀਖੋਰੀ ਵਾਲੀ ਇਕ ਆਡੀਓ ਲੀਕ ਮਾਮਲੇ ‘ਚ ਘਿਰੇ ਪੰਜਾਬ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਗਿ੍ਫਤਾਰੀ ਦੀ ਮੰਗ ਕੀਤੀ| ਧਰਨੇ ਨੰੂ ਨਰਿੰਦਰ ਕਾਉਣੀ, ਭੀਨਾ ਬਰਾੜ, ਸ਼ਰਨਜੀਤ ਸਿੰਘ ਸੰਧੂ, ਹਰਬੰਸ ਗਰੀਬ, ਕਾਕਾ ਬਰਾੜ ਲੱਖੇਵਾਲੀ, ਜਸਪ੍ਰੀਤ ਸਿੰਘ ਕੋਟਲੀ ਨੇ ਸੰਬੋਧਨ ਕੀਤਾ।
ਫਾਜ਼ਿਲਕਾ (ਪਰਮਜੀਤ ਸਿੰਘ): ਫਾਜ਼ਿਲਕਾ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਅਗਵਾਈ ’ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਅੱਜ ਡਿਪਟੀ ਕਮਿਸ਼ਨਰ ਦਫਤਰ ਫਾਜ਼ਿਲਕਾ ਦੇ ਸਾਹਮਣੇ ਧਰਨਾ ਲਗਾਕੇ ਰੋਸ ਪ੍ਰਦਰਸਨ ਕਰਦੇ ਹੋਏ ਭਿ੍ਰਸਟਾਚਾਰ ’ਚ ਸ਼ਾਮਲ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਅਤੇ ਰਾਜਪਾਲ ਦੇ ਨਾਂ ਵਧੀਕ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਮੰਗ ਪੱਤਰ ਸੌਂਪਿਆ।
ਮਾਨਸਾ (ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਅਤੇ ਉਸਦੇ ਖਿਲਾਫ਼ ਬਣਦੀ ਕਾਰਵਾਈ ਦੀ ਮੰਗ ਨੂੰ ਲੈਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਨੇ ਸੰਬੋਧਨ ਕੀਤਾ।