ਜਸਵੰਤ ਜੱਸ
ਫ਼ਰੀਦਕੋਟ, 11 ਮਾਰਚ
ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਜਿੱਤਣ ਤੋਂ ਬਾਅਦ ਰਾਤ 11 ਵਜੇ ਆਪਣੇ ਘਰ ਪਹੁੰਚੇ ਜਿੱਥੇ ਲੋਕਾਂ ਦਾ ਵੱਡਾ ਇਕੱਠ ਸੀ। ਦਿਨ ਚੜ੍ਹਦਿਆਂ ਹੀ ਹਲਕੇ ਦੇ ਲੋਕ ਨਵੇਂ ਬਣੇ ਵਿਧਾਇਕ ਨੂੰ ਵਧਾਈਆਂ ਦੇਣ ਲਈ ਉਹਨਾਂ ਦੇ ਘਰ ਗਏ। ਸ਼ਹਿਰ ਵਿੱਚ ਵਾਤਾਵਰਣ ਸਬੰਧੀ ਸਰਗਰਮੀਆਂ ਕਰ ਰਹੀ ਸੰਸਥਾ ‘ਬੀੜ’ ਨੇ ਨਵੇਂ ਬਣੇ ਵਿਧਾਇਕ ਤੋਂ ਪੌਦੇ ਲਗਵਾ ਕੇ ਸ਼ਹਿਰ ਵਿੱਚ ਵਾਤਾਵਰਣ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਸ਼ਹਿਰ ਦੀਆਂ ਸਮਾਜ ਸੇਵੀ, ਧਾਰਮਿਕ ਤੇ ਵਪਾਰਿਕ ਸੰਸਥਾਵਾਂ ਦੇ ਆਗੂਆਂ ਨੇ ਗੁਰਦਿੱਤ ਸੇਖੋਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੁਝ ਜ਼ਿਲ੍ਹਾ ਪੱਧਰੀ ਅਧਿਕਾਰੀ ਵੀ ਚੁੱਪ ਚੁਪੀਤੇ ਨਵੇਂ ਵਿਧਾਇਕਾਂ ਦੇ ਘਰ ਜਾ ਕੇ ਵਧਾਈਆਂ ਦੇ ਕੇ ਆਏ ਹਨ। ਕੋਟਕਪੂਰਾ ਤੋਂ ਜੇਤੂ ਰਹੇ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਸੰਧਵਾਂ ਵਿੱਚ ਵੀ ਇਲਾਕੇ ਦੇ ਲੋਕ ਵੱਡੀ ਪੱਧਰ ’ਤੇ ਵਧਾਈਆਂ ਦੇਣ ਲਈ ਕੁਲਤਾਰ ਸਿੰਘ ਸੰਧਵਾਂ ਦੇ ਘਰ ਗਏ। ਜੈਤੋ ਤੋਂ ਨਵੇਂ ਚੁਣੇ ਵਿਧਾਇਕ ਅਮੋਲਕ ਸਿੰਘ ਨੂੰ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਪਾਰਟੀ ਵਰਕਰਾਂ ਨੇ ਵਧਾਈ ਦਿੱਤੀ। ਤਿੰਨੇ ਵਿਧਾਇਕ ਹਲਕੇ ਦੇ ਲੋਕਾਂ ਨੂੰ ਮਿਲਣ ਤੋਂ ਬਾਅਦ ਚੰਡੀਗੜ੍ਹ ਪਾਰਟੀ ਦੀ ਮੀਟਿੰਗ ਵਿੱਚ ਚਲੇ ਗਏ। ਜਿੱਥੇ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਵੇਂ ਚੁਣੇ ਵਿਧਾਇਕਾਂ ਨਾਲ ਮੁਲਾਕਾਤ ਕਰਨੀ ਹੈ।