ਪਵਨ ਗੋਇਲ
ਭੁੱਚੋ ਮੰਡੀ, 9 ਅਪਰੈਲ
ਇਲਾਕੇ ਦੀਆਂ ਅਨਾਜ ਮੰਡੀਆਂ ਵਿੱਚ 8 ਅਪਰੈਲ ਤੋਂ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ ਜਦੋਂਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ 10 ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ। ਦੂਜੇ ਪਾਸੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਮਾਮਲੇ ਵਿਚ ਆੜ੍ਹਤੀਆਂ ਨੇ 10 ਅਪਰੈਲ ਤੋਂ ਦੁਕਾਨਾਂ ਬੰਦ ਕਰ ਕੇ ਹੜਤਾਲ ਕਰਨ ਦਾ ਐਲਾਨ ਵੀ ਕੀਤਾ ਹੋਇਆ ਹੈ ਜਿਸ ਕਾਰਨ ਕਿਸਾਨਾਂ ਦੇ ਮਨਾਂ ਵਿੱਚ ਖਰੀਦ ਸ਼ੁਰੂ ਹੋਣ ਸਬੰਧੀ ਭੰਬਲਭੂਸਾ ਬਣਿਆ ਹੋਇਆ ਹੈ। ਹੜਤਾਲ ਕਾਰਨ ਕਿਸਾਨਾਂ ਨੂੰ ਲੰਬਾ ਸਮਾਂ ਮੰਡੀਆਂ ਵਿੱਚ ਰੁਲਣਾ ਪੈ ਸਕਦਾ ਹੈ। ਭੁੱਚੋ ਦੀ ਪੁਰਾਣੀ ਅਨਾਜ ਮੰਡੀ ਵਿੱਚ ਪਿੰਡ ਸੇਮਾਂ ਦੇ ਕਿਸਾਨ ਮਿੱਠੂ ਸਿੰਘ ਨੇ 900 ਮਣ ਅਤੇ ਨਵੀਂ ਅਨਾਜ ਮੰਡੀ ਵਿੱਚ ਲਹਿਰਾ ਬੇਗਾ ਦੇ ਬਲਦੇਵ ਸਿੰਘ, ਬਲਵੀਰ ਸਿੰਘ ਅਤੇ ਬਲਜੀਤ ਸਿੰਘ ਨੇ 1800 ਮਣ ਕਣਕ ਸੁੱਟੀ ਹੋਈ ਹੈ। ਕਣਕ ਦੀ ਹੋਰ ਆਮਦ ਜਾਰੀ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਗਰਗ ਨੇ ਕਿਹਾ ਕਿ ਫ਼ਸਲ ਦੀ ਅਦਾਇਗੀ ਆੜ੍ਹਤੀਆਂ ਰਾਹੀਂ ਕਰਨ ਦੇ ਫੈਸਲੇ ਤੱਕ ਹੜਤਾਲ ਜਾਰੀ ਰਹੇਗੀ। ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਣਕ ਦੀ ਆਮਦ ਸਬੰਧੀ ਅੰਕੜੇ ਅੱਜ ਸ਼ਾਮ ਨੂੰ ਇਕੱਠੇ ਕੀਤੇ ਜਾਣਗੇ ਅਤੇ ਬੋਲੀ ਹੋਣ ਬਾਰੇ ਭਲਕੇ ਹੀ ਪਤਾ ਲੱਗੇਗਾ।
ਬਾਘਾ ਪੁਰਾਣਾ (ਯਸ਼ ਚਟਾਨੀ): ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲੜਦੇ ਕਿਸਾਨਾਂ ਨੂੰ ਹੁਣ ਇਕ ਹੋਰ ਮੁਸ਼ਕਿਲ ਨੇ ਘੇਰ ਲਿਆ ਹੈ। ਸਿੱਧੀ ਅਦਾਇਗੀ ਦੇ ਮਾਮਲੇ ਨੂੰ ਲੈ ਕੇ ਆੜ੍ਹਤੀਆਂ ਵੱਲੋਂ ਹੁਣ ਮੰਡੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਬੰਦ ਕਾਰਨ ਕਿਸਾਨਾਂ ਨੂੰ ਆਪਣੀ ਕਣਕ ਦੀ ਫ਼ਸਲ ਘਰਾਂ ਵਿਚ ਹੀ ਰੱਖਣੀ ਪਵੇਗੀ। ਕੇਂਦਰ ਸਰਕਾਰ ਵੱਲੋਂ ਸਿੱਧੀ ਅਦਾਇਗੀ ਲਈ ਸੂਬਾ ਸਰਕਾਰਾਂ ਨੂੰ ਦਿੱਤੀਆਂ ਸਪੱਸ਼ਟ ਹਦਾਇਤਾਂ ਨੇ ਪੰਜਾਬ ਸਰਕਾਰ ਨੂੰ ਕਸੂਤੀ ਸਥਿਤੀ ਵਿਚ ਫਸਾ ਸੁੱਟਿਆ ਹੈ। ਆੜ੍ਹਤੀਆਂ ਨਾਲ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਵਾਰ ਬੈਠਕ ਕਰ ਕੇ ਇਸ ਵਿਚੋਂ ਨਿਕਲਣ ਦਾ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਸਪੱਸ਼ਟ ਰਸਤਾ ਨਹੀਂ ਸੀ ਨਿਕਲਿਆ। ਆੜ੍ਹਤੀਆਂ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਜੇਕਰ ਉਹ ਆਪਣੀ ਕਣਕ ਮੰਡੀ ਵਿੱਚ ਲਿਆਉਂਦੇ ਵੀ ਹਨ ਤਾਂ ਉਸ ਨੂੰ ਉਦੋਂ ਤੱਕ ਬੋਰੀਆਂ ਵਿਚ ਨਹੀਂ ਭਰਿਆ ਜਾਵੇਗਾ, ਜਦੋਂ ਤੱਕ ਇਸ ਮਾਮਲੇ ਨੂੰ ਸਰਕਾਰ ਸੁਲਝਾ ਨਹੀਂ ਦਿੰਦੀ। ਕਿਸਾਨਾਂ ਅੰਦਰ ਇਸ ਗੱਲੋਂ ਹੁਣ ਡਾਢੀ ਨਿਰਾਸ਼ਾ ਦਿਖਾਈ ਦੇ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਦੇ ਘਰਾਂ ਵਿੱਚ ਕੋਈ ਸੁਰੱਖਿਅਤ ਥਾਂ ਹੈ ਜਿੱਥੇ ਉਹ ਕਣਕ ਸਾਂਭਣ ਅਤੇ ਨਾ ਹੀ ਉਨ੍ਹਾਂ ਕੋਲ ਮੰਡੀਆਂ ਵਿੱਚ ਕਣਕ ਦੀ ਰਾਖੀ ਲਈ ਮਨੁੱਖੀ ਸ਼ਕਤੀ ਹੈ। ਉੱਧਰ, ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸੂਬੇ ਪੰਜਾਬ ’ਚ ਅਜਿਹੀ ਸਥਿਤੀ ਬਣੀ ਹੈ ਤਾਂ ਇਸ ਦਾ ਸਪੱਸ਼ਟ ਕਾਰਨ ਇਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਵਫਦ ਨੇ ਪੰਜਾਬ ਦਾ ਪੱਖ ਧੜੱਲੇਦਾਰ ਢੰਗ ਨਾਲ ਪੇਸ਼ ਹੀ ਨਹੀਂ ਕੀਤਾ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿੱਧੀ ਅਦਾਇਗੀ ਦੇ ਮਾਮਲੇ ਵਿੱਚ ਲੁਕਵੇਂ ਤੌਰ ’ਤੇ ਦਿੱਤੀ ਗਈ ਸਹਿਮਤੀ ਕਾਰਨ ਹੀ ਕੇਂਦਰ ਹੁਣ ਪੰਜਾਬ ਨਾਲ ਸਖ਼ਤੀ ਨਾਲ ਪੇਸ਼ ਆ ਰਿਹਾ ਹੈ।
ਸੰਘਰਸ਼ ’ਚ ਦਿੱਲੀ ਗਏ ਕਿਸਾਨਾਂ ਦੇ ਕੰਮਾਂ ਦੀ ਸੰਭਾਲ ਲਈ ਜੁੱਟੇ ਕਿਸਾਨ
ਭੀਖੀ (ਕਰਨ ਭੀਖੀ): ਪਿਛਲੇ ਕਈ ਮਹੀਨੀਆਂ ਤੋਂ ਕਿਸਾਨੀ ਸੰਘਰਸ਼ ਲਈ ਦਿੱਲੀ ਗਏ ਕਿਸਾਨਾਂ ਦੀ ਫ਼ਸਲ ਸੰਭਾਲਣ ਲਈ ਪਿੰਡਾਂ ਦੇ ਕਿਸਾਨਾਂ ਨੇ ਮਿਲ ਕੇ ਤਹੱਈਆ ਕੀਤਾ ਹੈ ਕਿ ਦਿੱਲੀ ਗਏ ਕਿਸਾਨਾਂ ਦੀ ਖੇਤੀ ਦੇ ਕੰਮਾਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। ਇਸੇ ਤਹਿਤ ਨੇੜਲੇ ਪਿੰਡ ਮੱਤੀ ਦੇ ਕਿਸਾਨਾਂ ਨੇ ਸਾਬਕਾ ਸਰਪੰਚ ਸੁਖਦੇਵ ਸਿੰਘ ਦੇ ਖੇਤ ਵਿੱਖ ਖੜ੍ਹੀ ਸਰ੍ਹੋਂ ਦੀ ਫ਼ਸਲ ਹੱਥੀਂ ਵੱਢ ਕੇ ਇਕੱਠਾ ਕੀਤਾ। ਨੌਜਵਾਨ ਕਿਸਾਨ ਸੁਖਵੀਰ ਸਿੰਘ ਨੇ ਦੱਸਿਆ ਕਿ ਜਦੋਂ ਤੋ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਉਨ੍ਹਾਂ ਦੇ ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਦਾ ਪੁੱਤਰ ਆਪਣੇ ਟਰੈਕਟਰ-ਟਰਾਲੀ ਸਮੇਤ ਦਿੱਲੀ ਗਿਆ ਹੋਇਆ ਹੈ। ਉਨ੍ਹਾਂ ਦੀ ਕਣਕ ਦੀ ਫਸਲ ਆ ਚੁੱਕੀ ਹੈ। ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਉਨ੍ਹਾਂ ਫਸਲ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। ਜਿਹੜੇ ਹੋਰ ਕਿਸਾਨ ਵੀ ਦਿੱਲੀ ਗਏ ਹੋਏ ਹਨ, ਉਨ੍ਹਾਂ ਦੀ ਫਸਲ ਨੂੰ ਵੀ ਸਾਂਭਿਆ ਜਾਵੇਗਾ। ਬਿਕਰਮਜੀਤ ਪ੍ਰੈਟੀ ਮੱਤੀ ਨੇ ਅਪੀਲ ਕੀਤੀ ਜੋ ਕਿਸਾਨ ਦਿੱਲੀ ਸੰਘਰਸ਼ ਵਿੱਚ ਨਹੀਂ ਜਾ ਸਕੇ ਉਹ ਆਪਣਾ ਫ਼ਰਜ਼ ਸਮਝਦੇ ਹੋਏ ਆਪੋ-ਆਪਣੇ ਪਿੰਡਾਂ ਤੋਂ ਦਿੱਲੀ ਸੰਘਰਸ਼ ਵਿੱਚ ਬੈਠੇ ਕਿਸਾਨਾਂ ਦੀ ਫਸਲ ਸੰਭਾਲਣ ਦੀ ਜ਼ਿੰਮੇਵਾਰੀ ਲੈਣ। ਇਸ ਮੌਕੇ ਪਰਗਟ ਸਿੰਘ ਮੈਂਬਰ, ਜਗਸੀਰ ਸਿੰਘ, ਹਰਭਜਨ ਸਿੰਘ, ਬੌਬੀ, ਦਰਸ਼ੀ ਸਿੰਘ ਆਦਿ ਹਾਜਰ ਸਨ।