ਧਨੌਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਵਿੱਚੋਂ ਭੇਜੇ ਗਏ ਸੂਰ ਦੇ ਸੈਂਪਲ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਹੋਈ ਹੈ ਜਿਸ ਪਿੱਛੋਂ ਇਸ ਖੇਤਰ ਨੂੰ ਪ੍ਰਭਾਵਿਤ ਜ਼ੋਨ ਐਲਾਨ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਭੋਪਾਲ ਦੀ ਕੌਮੀ ਪਸ਼ੂ ਰੋਗ ਸੰਸਥਾ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਧਨੌਲਾ ਵਿੱਚ ਬੀਮਾਰੀ ਦੇ ਕੇਂਦਰ ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ ਸੰਕ੍ਰਮਣ ਜ਼ੋਨ ਅਤੇ 10 ਕਿਲੋਮੀਟਰ ਤੱਕ ਦੇ ਖੇਤਰ ਨੂੰ ਨਿਗਰਾਨੀ ਜ਼ੋਨ ਐਲਾਨਿਆ ਗਿਆ ਹੈ। ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੂਰਾਂ ਨੂੰ ਇਧਰ-ਉਧਰ ਨਾ ਲਿਜਾਣ, ਸੂਰ ਵਪਾਰੀਆਂ ਜਾਂ ਕਾਰੋਬਾਰੀਆਂ ਨੂੰ ਆਪਣੇ ਫ਼ਾਰਮਾਂ ’ਤੇ ਆਉਣ ਤੋਂ ਰੋਕਣ ਅਤੇ ਸੂਰਾਂ ਦੀ ਖ਼ੁਰਾਕ ਵੀ ਆਪਣੇ ਫ਼ਾਰਮ ’ਤੇ ਹੀ ਤਿਆਰ ਕਰਨ। ਉਧਰ ਵਿਭਾਗ ਦੇ ਅਸਿਟੈਂਟ ਡਾਇਰੈਕਟਰ ਕਰਮਜੀਤ ਸਿੰਘ ਨੇ ਕਿਹਾ ਕਿ ਸੂਰਾਂ ਦੇ ਖਾਤਮੇ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਤੇ0 ਸੂਰ ਪਾਲਕਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ। ਇਸੇ ਦੌਰਾਨ ਜ਼ਿਲਾ ਮੈਜਿਸਟ੍ਰੇਟ ਡਾ. ਹਰੀਸ਼ ਨਈਅਰ ਨੇ ਅਫਰੀਕਨ ਸਵਾਈਨ ਫੀਵਰ ਦੇ ਮੱਦੇਨਜ਼ਰ ਪਿੰਡ ਧਨੌਲਾ ਨੂੰ ਐਪੀਸੈਂਟਰ ਐਲਾਨਿਆ ਹੈ। ਇਹ ਹੁਕਮ ਸੂਰਾਂ ਵਿੱਚ ਪਾਈ ਜਾਣ ਵਾਲੀ ਬਿਮਾਰੀ ਅਫ਼ਰੀਕਨ ਸਵਾਈਨ ਫੀਵਰ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ ਤੇ ਪ੍ਰਭਾਵਿਤ ਜ਼ੋਨ ਵਿੱਚ ਸੂਰਾਂ ਦੀ ਮੂਵਮੈਂਟ ’ਤੇ ਰੋਕ ਹੈ। -ਪੱਤਰ ਪ੍ਰੇਰਕ