ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 14 ਜਨਵਰੀ
ਬਹੁਜਨ ਸਮਾਜ ਪਾਰਟੀ ਵੱਲੋਂ ਮਾਘੀ ਮੇਲੇ ਮੌਕੇ ਅੱਜ ਇੱਥੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਿਆਸੀ ਕਾਨਫਰੰਸ ਕੀਤੀ ਗਈ ਜਿਸ ਵਿੱਚ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੀ ਸਮੁੱਚੀ ਲੀਡਰਸ਼ਿਪ ਤੇ ਪਾਰਟੀ ਵਰਕਰਾਂ ਨੇ ਸ਼ਿਰਕਤ ਕੀਤੀ।
ਸਥਾਨਕ ਪੁਰਾਣੇ ਬੱਸ ਅੱਡੇ ਵਿੱਚ ਕੀਤੀ ਕਾਨਫਰੰਸ ਦੇ ਆਰੰਭ ਵਿੱਚ ਬਸਪਾ ਆਗੂਆਂ ਅਤੇ ਹਾਜ਼ਰ ਲੋਕਾਂ ਨੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਾਨਫਰੰਸ ਨੂੰ ਸਬੋਧਨ ਕਰਦਿਆਂ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਆਤਮਾ ਸਿੰਘ ਪਰਮਾਰ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਲੋਕਤੰਤਰ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਅਜਿਹੀ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਅਕਾਲੀ ਦਲ ਅਤੇ ਕਾਂਗਰਸ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਦੱਸਿਆ। ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਸੰਘਰਸ਼ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ। ਲਖਵੀਰ ਸਿੰਘ ਨਿੱਕਾ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਕੁਰਬਾਨੀਆਂ ਦੇਣ ਵਾਲੇ ਕਿਸਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਸਪਾ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ’ਚ ਕੀਤੀ ਜਾਣ ਵਾਲੀ ਕਿਸਾਨ ਟਰੈਕਟਰ ਪਰੇਡ ਵਿੱਚ ਬਸਪਾ ਪੂਰੇ ਜ਼ੋਰ ਸ਼ੋਰ ਨਾਲ ਹਿੱਸਾ ਲਵੇਗੀ।
ਸਟੇਜ ਸੰਚਾਲਨ ਸੂਬਾਈ ਆਗੂ ਮਾ. ਜਗਦੀਪ ਸਿੰਘ ਗੋਗੀ ਤੇ ਟਿੱਕਾ ਸਿੰਘ ਨੇ ਕੀਤਾ। ਇਸ ਮੌਕੇ ਕੁਲਦੀਪ ਸਿੰਘ ਸੂਬਾ ਜਰਨਲ ਸਕੱਤਰ, ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਮਹਿੰਦਰ ਸਿੰਘ ਭੱਟੀ, ਜੀਤ ਸਿੰਘ ਟੀਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਲ ਸਨ।
ਸੀਪੀਆਈ ਵੱਲੋਂ ਖੇਤੀ ਕਾਨੂੰਨ ਲੋਕ ਵਿਰੋਧੀ ਕਰਾਰ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਪਿੰਡ ਤਖਤੂਪੁਰਾ ’ਚ ਚਾਰ ਦਿਨਾ ਮਾਘੀ ਮੇਲੇ ਦੇ ਪਹਿਲੇ ਦਿਨ ਸੀਪੀਆਈ ਵੱਲੋਂ ਸਿਆਸੀ ਕਾਨਫ਼ਰੰਸ ਕੀਤੀ ਗਈ। ਸੂਬੇਦਾਰ ਜੁਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਨਰੇਗਾ ਆਗੂ ਸ਼ੇਰ ਸਿੰਘ ਦੌਲਤਪੁਰਾ, ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ ਦੀ ਕੌਮੀ ਕਨਵੀਨਰ ਕਰਮਵੀਰ ਕੌਰ ਬੱਧਨੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਮਹਿੰਦਰ ਸਿੰਘ ਧੂੜਕੋਟ ਤੇ ਜ਼ਿਲ੍ਹਾ ਸਹਾਇਕ ਸਕੱਤਰ ਜਗਜੀਤ ਸਿੰਘ ਧੂੜਕੋਟ ਨੇ ਕਿਹਾ ਕਿ ਖੇਤੀ ਮਾਰੂ ਕਾਨੂੰਨ ਸਵੈ ਰੁਜ਼ਗਾਰ ਲੱਗਿਆਂ ਦਾ ਰੁਜ਼ਗਾਰ ਖੋਹ ਲਵੇਗਾ ਤੇ ਕਾਰਪੋਰੇਟ ਘਰਾਣੇ ਸਭ ਛੋਟੇ ਕਾਰੋਬਾਰ ਖੋਹ ਕੇ ਭੁੱਖਮਰੀ ਜਿਹੇ ਹਾਲਤ ਬਣਾ ਦੇਣਗੇ। ਇਸ ਕਰਕੇ ਕਾਲੇ ਕਾਨੂੰਨਾਂ ਖਿਲਾਫ਼ ਸਾਰੇ ਧਰਮਾਂ ਤੇ ਵਰਗਾਂ ਦੀ ਸਾਂਝੀ ਲੜਾਈ ਹੈ। ਬੁਲਾਰਿਆਂ 26 ਜਨਵਰੀ ਦੀ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸਮੇਂ ਇੰਦਰਜੀਤ ਦੀਨਾ, ਸੁਖਦੇਵ ਭੋਲਾ, ਸਿਕੰਦਰ ਮਧੇ, ਬਲਰਾਜ ਬੱਧਨੀ, ਹਰਭਜਨ ਭੱਟੀ ਨੇ ਵੀ ਸੰਬੋਧਨ ਕੀਤਾ। ਲਾਈਨ ਆਫ਼ ਸਟੇਜ ਦੇ ਕਲਾਕਾਰਾਂ ਜਸ ਰਿਆਜ਼, ਇਕਬਾਲ ਚੜਿੱਕ, ਹਰਵਿੰਦਰ, ਬਲਕਰਨ, ਅਵਤਾਰ ਚੜਿੱਕ ਤੇ ਰਣਬੀਰ ਰਾਣਾ ਨੇ ਨਾਟਕ ਅਤੇ ਗੀਤ ਸੰਗੀਤ ਰਾਹੀਂ ਖੂਬ ਰੰਗ ਬੰਨ੍ਹਿਆ।