ਜੋਗਿੰਦਰ ਸਿੰਘ ਮਾਨ
ਮਾਨਸਾ, 21 ਫਰਵਰੀ
ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂਆਂ ਨੇ ਆਪਣੀ ਵੋਟ ਦੀ ਵਰਤੋਂ ਖੁੱਲ੍ਹ ਕੇ ਕਰਨ ਤੋਂ ਬਾਅਦ ਹੁਣ ਜਿੱਤ-ਹਾਰ ਦੇ ਫੈਸਲੇ ਲਈ ਸ਼ਰਤਾਂ ਲੱਗਣ ਲੱਗੀਆਂ ਹਨ। ਵੋਟਾਂ ਭੁਗਤਣ ਤੋਂ 24 ਘੰਟੇ ਬਾਅਦ ਵੀ ਹੁਣ ਰਾਜਸੀ ਮਾਹਿਰ ਡੇਰਾ ਸ਼ਰਧਾਲੂਆਂ ਵੱਲੋਂ ਅਕਾਲੀਆਂ ਦੇ ਹੱਕ ’ਚ ਖੜ੍ਹਨ ਤੋਂ ਬਾਅਦ ਕਾਂਗਰਸ ਤੇ ‘ਆਪ’ ਆਗੂਆਂ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸੱਟਾ ਬਾਜ਼ਾਰ ’ਚ ਉਮੀਦਵਾਰਾਂ ਦੀਆਂ ਜਿੱਤਾਂ-ਹਾਰਾਂ ਨੂੰ ਲੈ ਕੇ ਤੇ ਸੂਬੇ ’ਚ ਸਰਕਾਰ ਬਣਾਉਣ ਲਈ ਵੱਡੇ-ਛੋਟੇ ਮਾਰਜ਼ਨ ਸਬੰਧੀ ਹੁਣ ਪਹਿਲਾਂ ਨਾਲੋਂ ਵੀ ਵੱਧ ਪੈਸਾ ਲੱਗਣ ਲੱਗਿਆ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀਆਂ ਦੇ ਹੱਕ ’ਚ ਦਿੱਤੇ ਗਏ ਡੇਰਾ ਸੱਚਾ ਸੌਦਾ ਸਿਰਸਾ ਦੇ ਫਤਵੇ ਬਾਰੇ ਸੋਸ਼ਲ ਮੀਡੀਆ ’ਤੇ ਤੁਰੀਆਂ ਗੱਲਾਂ ਮਗਰੋਂ ਮਾਲਵਾ ਪੱਟੀ ’ਚ ਨਵੇਂ ਸਿਆਸੀ ਸਮੀਕਰਣ ਸ਼ੁਰੂ ਹੋ ਚੁੱਕੇ ਹਨ। ਡੇਰਾ ਪੈਰੋਕਾਰਾਂ ਦੀਆਂ ਵੋਟਾਂ ਅਕਾਲੀਆਂ ਦੇ ਹੱਕ ’ਚ ਤੇ ਪਿੰਡਾਂ ’ਚ ‘ਆਪ’ ਦੇ ਵਧੇ ਰੁਝਾਨ ਨੇ ਭਾਵੇਂ ਜਿੱਤ ਦੇ ਦਾਅਵੇਦਾਰ ਨੂੰ ਉਲਝਾ ਦਿੱਤਾ ਹੈ, ਪਰ ਅਜੇ ਤੱਕ ਜਿੱਤ-ਹਾਰ ਬਾਰੇ ਰਹੱਸ ਕਾਇਮ ਹੈ। ਅੱਜ ਸਾਰਾ ਦਿਨ ਉਮੀਦਵਾਰਾਂ ਦੇ ਸਮਰਥਕ ਭੁਗਤੀਆਂ ਵੋਟਾਂ ’ਚੋਂ ਆਪਣੇ ਹੱਕ ਤੇ ਵਿਰੋਧ ਦੀ ਗਿਣਤੀ-ਮਿਣਤੀ ਕਰਦੇ ਰਹੇ। ਜ਼ਿਲ੍ਹੇ ਵਿਚ ਇੱਕ ਪਾਸੇ ਰਾਜ ਦੀ ਸੱਤਾਧਾਰੀ ਅਕਾਲੀ ਦਲ ਦੇ ਦਿਲਰਾਜ ਸਿੰਘ ਭੂੰਦੜ (ਸਰਦੂਲਗੜ੍ਹ), ਡਾ. ਨਿਸ਼ਾਨ ਸਿੰਘ (ਬੁਢਲਾਡਾ) ਤੇ ਪ੍ਰੇਮ ਕੁਮਾਰ ਅਰੋੜਾ (ਮਾਨਸਾ) ਤੋਂ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ, ਜਦੋਂ ਦੂਜੇ ਪਾਸੇ (ਸਰਦੂਲਗੜ੍ਹ) ਤੋਂ ਕਾਂਗਰਸ ਦੇ ਬਿਕਰਮ ਸਿੰਘ ਮੋਫ਼ਰ, (ਮਾਨਸਾ) ਤੋਂ ਸਿੱਧੂ ਮੂਸੇਵਾਲਾ ਅਤੇ (ਬੁਢਲਾਡਾ) ਤੋਂ ਡਾ. ਰਣਬੀਰ ਕੌਰ ਮੀਆਂ ਵੀ ਉਤਨੇ ਹੀ ਸਵੈ ਵਿਸ਼ਵਾਸ ਨਾਲ ਜਿੱਤ ਦਾ ਦਾਅਵਾ ਕਰ ਰਹੇ ਹਨ। ਇਸੇ ਤਰ੍ਹਾਂ ਆਪ ਦੇ ਮਾਨਸਾ ਤੋਂ ਉਮੀਦਵਾਰ ਡਾ. ਵਿਜੈ ਸਿੰਗਲਾ, ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਬੁਢਲਾਡਾ ਤੋਂ ਬੁੱਧਰਾਮ ਦਾ ਜਲਵਾ ਕਾਇਮ ਹੈ। ਇਨ੍ਹਾਂ ਦੇ ਵਰਕਰ ਇਸ ਵਾਰ ਕਮਾਲ ਦੇ ਨਤੀਜਿਆਂ ਦੀ ਆਸ ਲਾਈ ਬੈਠੇ ਹਨ। ਅਨੇਕਾਂ ਵਰਕਰਾਂ ਦਾ ਕਹਿਣਾ ਹੈ ਕਿ ਜਿੱਤ ਦੀਆਂ ਆਸਾਂ ਲਾਈ ਬੈਠੇ, ਦੂਸਰਿਆਂ ਦੀਆਂ ਅੱਖਾਂ 10 ਮਾਰਚ ਨੂੰ ਖੁੱਲ੍ਹ ਜਾਣਗੀਆਂ।
ਉਧਰ, ਜਿੱਤ ਦੇ ਦਾਅਵੇ ਉਤੇ ਟਿੱਪਣੀ ਕਰਦਿਆਂ ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਪ੍ਰਧਾਨ ਗੁਰਤੇਜ ਸਿੰਘ ਜਗਰੀ ਤੇ ਜਨਰਲ ਸਕੱਤਰ ਐਡਵੋਕੇਟ ਈਸ਼ਵਰ ਦਾਸ ਨੇ ਕਿਹਾ ਕਿ ਇਹ ਸਿਆਸੀ ਲੋਕ ਨਤੀਜਾ ਆਉਣ ਤੱਕ ਅਜਿਹਾ ਹੀ ਕਰਦੇ ਰਹਿੰਦੇ ਹਨ।
ਲੰਬੀ ਵਿੱਚ 4.42 ਫ਼ੀਸਦ ਘੱਟ ਹੋਇਆ ਮਤਦਾਨ
ਲੰਬੀ (ਇਕਬਾਲ ਸਿੰਘ ਸ਼ਾਂਤ) ਬਾਦਲਾਂ ਦੇ ਜੱਦੀ ਗੜ੍ਹ ਲੰਬੀ ’ਚ 2017 ਨਾਲੋਂ 4.42 ਘੱਟ ਵੋਟ ਫ਼ੀਸਦ ਤੇ ਹਲਕੇ ਦੀਆਂ ਰੰਗ-ਰੰਗੀਲੀ ਫਿਜ਼ਾਦਾਰੀ ’ਚ ਆਗਾਮੀ 10 ਮਾਰਚ ਤੱਕ ਖੁੰਢ ਚਰਚਿਆਂ ਨੂੰ ਨਵਾਂ ਵਿਸ਼ਾ ਦੇ ਦਿੱਤਾ ਹੈ। ਜਿਸ ਵਿੱਚ ਜਿੱਤ-ਹਾਰ ਦੇ ਦਾਅਵਿਆਂ ‘ਤੇ ਸ਼ਰਤਾਂ ਤੇ ਪੁਰਾਣੀ ਘਰੇੜਾਂ ਨਿੱਕਲਣ ਤੇ ਨਵੀਆਂ ਪੈਣ ਦੇ ਆਸਾਰ ਹਨ। ਹਲਕੇ ਵਿੱਚ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਦੀਆਂ ਪੂਰੀ ਵਾਹ ਵਿਚਕਾਰ 177 ਬੂਥਾਂ ’ਤੇ ਕੁੱਲ੍ਹ 134439 (81.35 ਫ਼ੀਸਦ) ਵੋਟਾਂ ਪਈਆਂ। ਜਿਨ੍ਹਾਂ ’ਚ 70998 ਪੁਰਸ਼ਾਂ, 63441 ਔਰਤ ਵੋਟਰਾਂ ਨੇ ਲੋਕਤੰਤਰਿਕ ਹੱਕ ਦੀ ਵਰਤੋਂ ਕੀਤੀ। ਤੀਜੇ ਜੈਂਡਰ ਵਿੱਚੋਂ ਕੋਈ ਵੋਟ ਨਹੀਂ ਭੁਗਤੀ।ਲੰਬੀ ਹਲਕੇ ਵਿੱਚ ਨਵੀਆਂ ਵੋਟਾਂ ਵਧਣ ਦੇ ਬਾਵਜੂਦ 2012 ਤੋਂ ਲਗਾਤਾਰ ਵੋਟ ਫ਼ੀਸਦੀ ਘਟਦਾ ਆ ਆ ਰਿਹਾ ਹੈ। 2012 ‘ਚ 87.23 ਤੇ 2017 ਵਿੱਚ 85.77 ਫ਼ੀਸਦੀ ਵੋਟ ਫ਼ੀਸਦ ਸੀ। 2012 ’ਚ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਤੋਂ 24739 ਵੋਟਾਂ ਅਤੇ 2017 ਵਿੱਚ 22770 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ ਸੀ। ਦੇਸ਼-ਦੁਨੀਆਂ ’ਚ ਵਸਦੇ ਲੋਕ ਤੇ ਪੰਜਾਬ ਸਿਆਸਤ ਦੇ ਆਗੂ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਖ਼ਰਲੀ ਉਮਰ ਦੀ ਚੋਣ ਪ੍ਰਤੀ ਜਾਣਕਾਰੀ ਲਈ ਖਾਸੇ ਜਿਗਿਆਸੂ ਹਨ। ਲੰਬੀ ਹਲਕੇ ’ਚ ਇੱਕ ਸੌ ਤੋਂ ਵੱਧ ਬੂਥਾਂ ’ਤੇ ਅੱਸੀ ਫ਼ੀਸਦੀ ਤੋਂ ਵੱਧ ਵੋਟਾਂ ਪਈਆਂ। ਹਲਕੇ ’ਚ 91.17 ਵੋਟ ਫ਼ੀਸਦੀ ਨਾਲ ਪਿੰਡ ਕੰਦੂਖੇੜਾ ਦੇ ਚੋਣ ਬੂਥ ਨੰਬਰ 167 ਦੀ ਝੰਡੀ ਰਹੀ। ਸਭ ਤੋਂ ਘੱਟ 62.20 ਵੋਟਾਂ ਫ਼ੀਸਦੀ ’ਚ ਮੰਡੀ ਕਿੱਲਿਆਂਵਾਲੀ ਦਾ ਚੋਣ ਬੂਥ ਨੰਬਰ 142 ਰਿਹਾ। ਬੂਥ ਨੰਬਰ 139, 140 141 ਤੇ 142 ’ਤੇ ਵੋਟ ਫ਼ੀਸਦੀ 62.20 ਤੋਂ 69.25 ਤੱਕ ਸਿਮਟ ਕੇ ਰਹਿ ਗਿਆ। ਮੰਡੀ ਕਿੱਲਿਆਂਵਾਲੀ ਨੂੰ ਅਕਾਲੀ ਦਲ ਲਈ ਵੋਟਾਂ ਦੀ ‘ਖਾਣ’ ਮੰਨਿਆ ਜਾਂਦਾ ਹੈ। ਇੱਥੇ ਕੁੱਲ 6856 ਵੋਟਾਂ ਹਨ। ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਤੇ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਵਿਚਕਾਰ ਮੰਨੇ ਜਾ ਰਹੇ ਸਿੱਧੇ ਮੁਕਾਬਲੇ ’ਚ ਜਿੱਤ-ਹਾਰ ਦੇ ਦਾਅਵੇ ਜਾਰੀ ਹਨ। ਜਦੋਂਕਿ ਕਾਂਗਰਸ ਦੇ ਜਗਪਾਲ ਅਬੁੱਲਖੁਰਾਣਾ ਤੇ ਭਾਜਪਾ ਦੇ ਰਾਕੇਸ਼ ਧੀਂਗੜਾ ਦੀ ਅਣਕਿਆਸੇ ਵੋਟ ਫ਼ੀਸਦੀ ਵੱਲੋਂ ਜਿੱਤ-ਹਾਰ ਦੇ ਫ਼ਰਕ ਨੂੰ ਪ੍ਰਭਾਵਿਤ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਜ਼ਿਲ੍ਹਾ ਕਾਂਗਰਸ ਪ੍ਰਧਾਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਮਾਨਸਾ (ਪੱਤਰ ਪ੍ਰੇਰਕ) ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪਾਰਟੀ ਦੇ ਮਾਨਸਾ ਹਲਕੇ ਤੋਂ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਖ਼ਿਲਾਫ਼ ਭਾਵੇਂ ਚੋਣ ਅਬਜ਼ਰਵਰ ਦੀ ਸਿਫਾਰਸ਼ ’ਤੇ ਮਾਨਸਾ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ, ਪਰ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕਰਮ ਸਿੰਘ ਚੌਹਾਨ ਨੂੰ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਚੌਹਾਨ ਉਸ ਵੇਲੇ ਮੁੱਖ ਮੰਤਰੀ ਤੇ ਪਾਰਟੀ ਉਮੀਦਵਾਰ ਨਾਲ ਕਾਫ਼ਲੇ ’ਚ ਚੱਲ ਰਹੇ ਸਨ ਤੇ ਇਹ ਕਾਂਗਰਸ ਪਾਰਟੀ ਦੇ ਹੱਕ ’ਚ ਪ੍ਰਚਾਰ ਦਾ ਸਮਾਂ ਲੰਘਣ ਤੋਂ ਬਾਅਦ ਨਾਅਰੇਬਾਜ਼ੀ ਵੀ ਕਰ ਰਹੇ ਸਨ।