ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 15 ਜੁਲਾਈ
ਫ਼ਰੀਦਕੋਟ ਦੇ ਨੇੜਲੇ ਪਿੰਡ ਅਰਾਈਆਂ ਵਾਲਾ ਕਲਾਂ ਵਿੱਚ ਡਿਪੂ ਹੋਲਡਰ ਜੋ ਪਿੰਡ ਵਿੱਚ ਕਾਂਗਰਸੀ ਪੰਚ ਵੀ ਹੈ, ਉੱਪਰ ਲਾਭਪਾਤਰੀਆਂ ਨੂੰ ਖੱਜਲ-ਖੁਆਰ ਕਰਨ ਅਤੇ ਸਰਕਾਰੀ ਅਨਾਜ ਘੱਟ ਤੋਲਣ ਦੇ ਦੋਸ਼ ਲੱਗਣ ਤੋਂ ਬਾਅਦ ‘ਆਪ’ ਵਰਕਰਾਂ ਤੇ ਇਸ ਡਿਪੂ ਹੋਲਡਰ ਦਰਮਿਆਨ ਟਕਰਾਅ ਹੋ ਗਿਆ। ਕਣਕ ਸਹੀ ਨਾ ਮਿਲਣ ਦੀ ਸ਼ਿਕਾਇਤ ਤੋਂ ਬਾਅਦ ‘ਆਪ’ ਵਰਕਰ ਘਟਨਾ ਸਥਾਨ ‘ਤੇ ਗਏ ਸਨ। ਪਿੰਡ ਦੇ ਵਸਨੀਕ ਲਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸੀ ਡਿਪੂ ਹੋਲਡਰ ਨੇ ਪਿੰਡ ਦੇ ਦਲਿਤ ਪਰਿਵਾਰਾਂ ਨੂੰ ਜਾਣ ਬੁੱਝ ਕੇ ਘੱਟ ਕਣਕ ਦਿੱਤੀ ਜਦੋਂਕਿ ਰਿਕਾਰਡ ਵਿੱਚ ਉਸ ਦਾ ਇੰਦਰਾਜ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਿਪੂ ਹੋਲਡਰ ਨੇ ਅਨਾਜ ਘੱਟ ਤੋਲਣ ਕਾਰਨ ਗਰੀਬ ਲੋੜਵੰਦਾਂ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲਾਇਆ ਹੈ। ਡਿਪੂ ਸਾਹਮਣੇ ਇਕੱਤਰ ਹੋਏ ਸੈਂਕੜੇ ਲਾਭਪਾਤਰੀਆਂ ਦੀ ਹਾਜ਼ਰੀ ਵਿੱਚ ‘ਆਪ’ ਵਰਕਰਾਂ ਅਤੇ ਡਿਪੂ ਹੋਲਡਰ ਤੇ ਉਸ ਦੇ ਕੁਝ ਸਮਰੱਥਕਾਂ ’ਚ ਡਾਂਗਾਂ ਵੀ ਚੱਲੀਆਂ। ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਥਾਣਾ ਸਦਰ ਫ਼ਰੀਦਕੋਟ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਪੁਲੀਸ ਪੜਤਾਲ ਉਪਰੰਤ ਨਿਯਮਾਂ ਮੁਤਾਬਿਕ ਕਾਰਵਾਈ ਕਰੇਗੀ। ਡਿਪੂ ਹੋਲਡਰ ਜਗਮੀਤ ਸਿੰਘ ਅਤੇ ਉਸ ਦੇ ਪਿਤਾ ਗੁਰਮੇਜ ਸਿੰਘ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਉਸ ਦੀ ਕੁੱਟਮਾਰ ਕੀਤੀ।
ਪਾਣੀ ਦੀ ਵਾਰੀ ਨੂੰ ਲੈ ਕੇ ਦੋ ਧਿਰਾਂ ਵਿੱਚ ਮੁੜ ਵਧੀ ਤਲਖੀ
ਮਲੋਟ (ਨਿੱਜੀ ਪੱਤਰ ਪ੍ਰੇਰਕ): ਮਲੋਟ ਦੇ ਨੇੜਲੇ ਪਿੰਡ ਕੋਲਿਆਂਵਾਲੀ ਦੀ ਢਾਣੀ ਕੁੰਦਨ ਸਿੰਘ ਵਿਖੇ ਆਪਣੇ ਖੇਤਾਂ ਨੂੰ ਪਾਣੀ ਲਗਾਉਣ ਨੂੰ ਲੈ ਕੇ ਕਿਸਾਨ ਮਲਕੀਤ ਸਿੰਘ ਅਤੇ ਜਸਵਿੰਦਰ ਸਿੰਘ ਸਮੇਤ ਪਿੰਡ ਦੇ ਹੀ ਕੁੱਝ ਵਿਅਕਤੀਆਂ ਵਿਚਾਲੇ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਤਲਖੀ, ਅੱਜ ਮੁੜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਕਿਸਾਨ ਮਲਕੀਤ ਸਿੰਘ ਆਪਣੀ ਵਾਰੀ ’ਤੇ ਪਾਣੀ ਲਗਾਉਣ ਲਈ ਆਪਣੇ ਖੇਤ ਪਹੁੰਚਿਆ। ਇਸ ਤਲਖੀ ਕਾਰਨ ਸੁਰੱਖਿਆ ਦੇ ਪੱਖ ਤੋਂ ਡੀਐਸਪੀ ਮਲੋਟ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਤਿੰਨ ਥਾਣਿਆਂ ਦੇ ਇੰਚਾਰਜ ਅਤੇ ਤਿੰਨ ਦਰਜਨ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਤੋਂ ਇਲਾਵਾ ਸਮੇਤ ਔਰਤਾਂ ਦੋ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।