ਜੋਗਿੰਦਰ ਸਿੰਘ ਮਾਨ
ਮਾਨਸਾ, 1 ਅਕਤੂਬਰ
ਭਾਵੇਂ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਮੰਡੀਆਂ ’ਚ 27 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਪਰ ਇਸਦੇ ਬਾਵਜੂਦ ਮਾਨਸਾ ਦੀ ਮੁੱਖ ਅਨਾਜ ਮੰਡੀ ’ਚ ਅਜੇ ਵੀ ਸੜਕਾਂ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ, ਜਦੋਂ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨੇ ਸਮੇਤ ਨਰਮਾ ਲਿਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੋਇਆ ਹੈ। ਮੰਡੀ ਵਿਚਲੇ ਆੜ੍ਹਤੀਆਂ ਤੋਂ ਪਤਾ ਲੱਗਿਆ ਹੈ ਕਿ ਭਾਵੇਂ ਸੜਕਾਂ ਦੀ ਮੁਰੰਮਤ ਦਾ ਕੰਮ ਅੱਜ-ਕੱਲ ਚੱਲ ਰਿਹਾ ਹੈ ਪਰ ਇਸ ਮੰਡੀ ਦੀਆਂ ਸੜਕਾਂ ਦੇ ਟੈਂਡਰ ਬਹੁਤ ਸਮਾਂ ਪਹਿਲਾਂ ਦੇ ਹੋਏ ਹਨ। ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇਕਰ ਮਾਨਸਾ ਮੰਡੀ ਵਿੱਚ ਅਜੇ ਵੀ ਰਿਪੇਅਰ ਦਾ ਕਾਰਜ ਚੱਲ ਰਿਹਾ ਤਾਂ ਉਹ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਇਸ ਦੀ ਪੜਤਾਲ ਕਰਵਾਉਣਗੇ ਅਤੇ ਬਣਦੀ ਕਾਰਵਾਈ ਕਰਨਗੇ।
ਬੋਹਾ ਮੰਡੀ ’ਚ ਝੋਨੇ ਦੀ ਬੋਲੀ ਸ਼ੁਰੂ
ਬੋਹਾ (ਨਿਰੰਜਨ ਬੋਹਾ): ਸਥਾਨਕ ਅਨਾਜ ਮੰਡੀ ’ਚ ਝੋਨੇ ਦੇ ਸੀਜ਼ਨ ਦੀ ਪਹਿਲੀ ਬੋਲੀ ਕਰਵਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮਾਨਸਾ ਜ਼ਿਲ੍ਹਾ ਪਰਿਸ਼ਦ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਅਤੇ ਹਲਕਾ ਬੁਢਲਾਡਾ ਦੇ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਨੇ ਕਿਹਾ ਕਿ ਕਿਸਾਨਾਂ ਦੀ ਮਿਹਨਤ ਨਾਲ ਪਾਲੀ ਫਸਲ ਦੀ ਖਰੀਦ ਕਾਂਗਰਸ ਸਰਕਾਰ ਆਪਣੀ ਨਿਗਰਾਨੀ ਵਿਚ ਖਰੀਦੇਗੀ ਤੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਵੱਧ ਨਮੀ ਵਾਲੇ ਝੋਨੇ ਦੀਆਂ ਟਰਾਲੀਆਂ ਮੋੜੀਆਂ
ਮਲੋਟ (ਲਖਵਿੰਦਰ ਸਿੰਘ): ਸ਼ਹਿਰ ਦੀ ਅਨਾਜ ਮੰਡੀ ’ਚ ਆ ਰਹੀਆਂ ਝੋਨੇ ਤੇ ਬਾਸਮਤੀ ਦੀਆਂ ਭਰੀਆਂ ਟਰਾਲੀਆਂ ’ਚ ਨਮੀ ਦੀ ਮਾਤਰਾ ਤਹਿ ਮਾਪਦੰਡਾਂ ਤੋਂ ਜ਼ਿਆਦਾ ਹੋਣ ਕਰ ਕੇ ਭਰੀਆਂ ਭਰਾਈਆਂ ਟਰਾਲੀਆਂ ਵਾਪਸ ਭੇਜੀਆਂ ਜਾ ਰਹੀਆਂ ਹਨ। ਮਾਰਕੀਟ ਕਮੇਟੀ ਦੇ ਸੈਕਟਰੀ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਆਪਣੀ ਹਾਜ਼ਰੀ ’ਚ ਵੱਧ ਨਮੀ ਵਾਲੇ ਝੋਨੇ ਨਾਲ ਭਰੀ ਇਕ ਟਰਾਲੀ ਨੂੰ ਮੰਡੀ ਦੇ ਗੇਟ ਤੋਂ ਵਾਪਸ ਭੇਜ ਚੁੱਕੇ ਹਨ।