ਪੱਤਰ ਪ੍ਰੇਰਕ
ਜੈਤੋ, 26 ਅਪਰੈਲ
ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਇੱਥੇ ਸੀਆਈਏ ਸਟਾਫ਼ ਸਟੇਸ਼ਨ ਅੱਗੇ ਜੈਤੋ-ਬਠਿੰਡਾ ਰੋਡ ’ਤੇ ਕਰੀਬ ਸੱਤ ਘੰਟੇ ਧਰਨਾ ਲਾਇਆ। ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਬਲਾਕ ਜੈਤੋ ਦੇ ਪ੍ਰਧਾਨ ਅੰਗਰੇਜ਼ ਸਿੰਘ (ਗੋਰਾ ਮੱਤਾ) ਨੇ ਇੱਕ ਦਲਿਤ ਮਜ਼ਦੂਰ ’ਤੇ ਪੁਲੀਸ ਵੱਲੋਂ ਕਥਿਤ ਤੌਰ ’ਤੇ ਤਸ਼ੱਦਦ ਢਾਹੇ ਜਾਣ ਦਾ ਦੋਸ਼ ਲਾਉਂਦਿਆਂ ਸਬੰਧਤ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਮੌਕੇ ਗੋਰਾ ਮੱਤਾ, ਕਰਮਜੀਤ ਸੇਵੇਵਾਲਾ, ਜਸਪਾਲ ਰੋਮਾਣਾ ਅਜੀਤ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਵਿੰਦਰ ਸੇਵੇਵਾਲਾ ਨੇ ਦੋਸ਼ ਲਾਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਪਿੰਡ ਰੋਮਾਣਾ ਅਜੀਤ ਸਿੰਘ ਦੇ ਇੱਕ ਘਰੋਂ ਕਰੀਬ 20 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਥਾਣਾ ਬਾਜਾਖਾਨਾ ਵਿੱਚ ਪੁਲੀਸ ਕੇਸ ਵੀ ਦਰਜ ਹੋਇਆ ਸੀ ਅਤੇ ਪੁਲੀਸ ਵੱਲੋਂ 24 ਅਪਰੈਲ ਨੂੰ ਇਸੇ ਪਿੰਡ ਦੇ ਮਜ਼ਦੂਰ ਬਲਦੇਵ ਸਿੰਘ ਨੂੰ ਹਿਰਾਸਤ ’ਚ ਲੈਣ ਮਗਰੋਂ ਸੀਆਈਏ ਸਟੇਸ਼ਨ ਜੈਤੋ ਲਿਆ ਕੇ ਉਸ ’ਤੇ ਕਥਿਤ ਤੌਰ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭਾ ਥਾਣਾ ਬਾਜਾਖਾਨਾ ਦੇ ਐਸਐਚਓ ਨੇ ਕੀਤਾ। ਗੋਰਾ ਮੱਤਾ ਨੇ ਕਿਹਾ ਕਿ ਇਹ ਸਭ ਸੀਆਈਏ ਜੈਤੋ ਦੇ ਇੰਚਾਰਜ ਦੀ ਗ਼ੈਰ-ਮੌਜੂਦਗੀ ਵਿੱਚ ਹੋਇਆ, ਜਿਸ ਲਈ ਉਹ ਬੇਕਸੂਰ ਹਨ।
ਆਗੂਆਂ ਨੇ ਕਿਹਾ ਭਾਵੇਂ ਲੋਕ ਰੋਹ ਨੂੰ ਵੇਖਦਿਆਂ ਥਾਣਾ ਬਾਜਾਖਾਨਾ ਦੇ ਮੁਖੀ ਇਕਬਾਲ ਹੁਸੈਨ ਦਾ ਬੀਤੀ ਸ਼ਾਮ ਵਿਭਾਗੀ ਤਬਾਦਲਾ ਹੋ ਗਿਆ ਹੈ ਪਰ ਇਸ ਘਟਨਾ ਲਈ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਧਰਨਾ ਦਿੱਤਾ ਗਿਆ ਹੈ।
ਡੀਐੱਸਪੀ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਧਰਨਾਕਾਰੀਆਂ ਅਤੇ ਸਬ-ਡਿਵੀਜ਼ਨ ਜੈਤੋ ਦੇ ਡੀਐੱਸਪੀ ਦਵਿੰਦਰ ਸਿੰਘ ਦਰਮਿਆਨ ਹੋਈ ਗੱਲਬਾਤ ਦੌਰਾਨ ਰਜ਼ਾਮੰਦੀ ਹੋਈ ਕਿ ਮੁਜ਼ਾਹਾਰਾਕਾਰੀ ਮਾਮਲੇ ਦੀ ਪੜਤਾਲ ਲਈ ਡੀਐੱਸਪੀ ਨੂੰ ਲਿਖ਼ਤੀ ਦਰਖ਼ਾਸਤ ਦੇਣਗੇ ਅਤੇ ਡੀਐੱਸਪੀ ਅੱਗੇ ਸੀਨੀਅਰ ਪੁਲੀਸ ਕਪਤਾਨ ਨੂੰ ਮਾਮਲੇ ਦੀ ਜਾਂਚ ਲਈ ਕਹਿਣਗੇ। ਇਸ ਸਹਿਮਤੀ ਮਗਰੋਂ ਧਰਨਾਕਾਰੀਆਂ ਨੇ ਧਰਨਾ ਖਤਮ ਕਰ ਕੇ ਸੜਕੀ ਆਵਾਜਾਈ ਬਹਾਲ ਕਰ ਦਿੱਤੀ।