ਪੱਤਰ ਪ੍ਰੇਰਕ
ਫਰੀਦਕੋਟ, 23 ਸਤੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ 24 ਸਤੰਬਰ ਨੂੰ ਫ਼ਰੀਦਕੋਟ ਦੇ ਵਿਸ਼ੇਸ਼ ਦੌਰੇ ’ਤੇ ਪਹੁੰਚ ਰਹੇ ਹਨ। ਵੇਰਵਿਆਂ ਅਨੁਸਾਰ ਉਹ ਸਵੇਰੇ 10 ਵਜੇ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋਣਗੇ ਅਤੇ ਇਸ ਉਪਰੰਤ ਜ਼ਿਲ੍ਹੇ ਦੇ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਲੱਗੇ ਕਰਾਫਟ ਮੇਲੇ ਵਿੱਚ ਸ਼ਿਰਕਤ ਕਰਨਗੇ। ਉਹ ਕਰਾਫਟ ਮੇਲੇ ਦੇ ਵੱਖ ਵੱਖ ਸਟਾਲਾਂ ਦਾ ਦੌਰਾ ਵੀ ਕਰਨਗੇ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੱਸਿਆ ਕਿ ਮੁੱਖ ਮੰਤਰੀ ਦਾਣਾ ਮੰਡੀ ਵਿੱਚ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ। ਇਸ ਜਨਤਕ ਇਕੱਠ ਤੋਂ ਪਹਿਲਾਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਫਰੀਦਕੋਟ ਦੇ ਲੋਕਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਫੇਰੀ ਲਈ ਕਾਫੀ ਉਤਸ਼ਾਹ ਹੈ। ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਦੌਰੇ ਲਈ ਤਿਆਰੀਆਂ ਆਰੰਭ ਦਿੱਤੀਆਂ ਹਨ ਤੇ ਇਸ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆ ਗਈਆਂ ਹਨ।