ਪੱਤਰ ਪੇ੍ਰਕ
ਮਾਨਸਾ, 7 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਾਨਸਾ ਜ਼ਿਲ੍ਹੇ ਦੀ 10 ਦਸੰਬਰ ਨੂੰ ਪਲੇਠੀ ਫੇਰੀ ਲਈ ਭਾਵੇਂ ਮਾਨਸਾ ਜ਼ਿਲ੍ਹੇ ਦੇ ਕਾਂਗਰਸੀ ਪੱਬਾਂ ਭਾਰ ਹਨ, ਪਰ ਸਰਕਾਰੀ ਅਧਿਕਾਰੀਆਂ ਨੂੰ ਕਸੂਤੀ ਮਾਰ ਪਈ ਹੋਈ ਹੈ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਟਰਾਂਸਪੋਰਟ ਮਹਿਕਮੇ ਦੇ ਉਚ ਅਧਿਕਾਰੀਆਂ ਨੇ ਮਾਨਸਾ ਵਿੱਚ ਡੇਰੇ ਲਾ ਲਏ ਹਨ ਅਤੇ ਪੁਲੀਸ ਸਮੇਤ ਉੱਚ ਸਿਵਲ ਅਧਿਕਾਰੀਆਂ ਨੂੰ ਰੈਲੀ ਦੌਰਾਨ ਜਥੇਬੰਦਕ ਆਗੂਆਂ ਦੇ ਵਿਰੋਧ ਕਰਨ ਦਾ ਮਾਮਲਾ ਸਤਾਉਣ ਲੱਗਾ ਹੈ।
ਰੈਲੀ ਵਿੱਚ ਇਕੱਠ ਕਰਨ ਲਈ ਅਤੇ ਵਰਕਰਾਂ ਦੀ ਸੋਭਾ ਵਧਾਉਣ ਵਾਸਤੇ ਕਾਂਗਰਸੀ ਆਗੂਆਂ ਵੱਲੋਂ 450 ਦੇ ਕਰੀਬ ਬੱਸਾਂ ਇਕੱਤਰ ਕਰਨ ਦੇ ਵੇਰਵੇ ਹਾਸਲ ਹੋਏ ਹਨ, ਜਿਸ ਲਈ ਟਰਾਂਸਪੋਰਟ ਵਿਭਾਗ ਦੇ ਉਚ ਅਧਿਕਾਰੀ ਅੱਜ ਮਾਨਸਾ ਵਿਖੇ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕਰਦੇ ਰਹੇ। ਅਧਿਕਾਰੀਆਂ ਨੇ ਟਰਾਂਸਪੋਰਟਰਾਂ ਨੂੰ ਮੁਫ਼ਤ ਦੀ ਵਗਾਰ ਪਾਉਣ ਦੀ ਥਾਂ ਭਾੜੇ ਉਤੇ ਬੱਸਾਂ ਲੈਣ ਦੀ ਅਪੀਲ ਕੀਤੀ ਗਈ ਹੈ। ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਰੈਲੀ ਦੌਰਾਨ ਮੁੱਖ ਮੰਤਰੀ ਦੇ ਵਿਰੋਧ ਕਰਨ ਦੀ ਦਿੱਤੀ ਚਿਤਾਵਨੀ ਤੋਂ ਪੁਲੀਸ ਅਤੇ ਖੂਫ਼ੀਆ ਵਿੰਗ ਹਰ ਪਾਸੇ ਗਹਿਰੀ ਨਜ਼ਰ ਰੱਖਣ ਲੱਗਿਆ ਹੈ। ਪੁਲੀਸ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਨੂੰ ਟਿਕਾਏ ਜਾਣ ਲਈ ਹਰ ਤਰ੍ਹਾਂ ਦਾ ਹਰਬਾ ਵਰਤਿਆ ਜਾਣ ਲੱਗਾ ਹੈ।
ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵਿਰੋਧ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਹੁਣ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਖਿਲਾਫ਼ ਰੈਲੀ ਦੌਰਾਨ ਨਾਅਰੇਬਾਜ਼ੀ ਕਰਨ ਦੀ ਹਾਮੀ ਭਰੀ ਹੈ। ਜਥੇਬੰਦੀ ਦੇ ਸੂਬਾ ਆਗੂ ਕੁਲਦੀਪ ਸਿੰਘ ਖੋਖਰ ਅਤੇ ਬੂਟਾ ਸਿੰਘ ਮੰਦਰਾਂ ਨੇ 10 ਦਸੰਬਰ ਨੂੰ ਮਾਨਸਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਿਰਾਓ ਕਰਕੇ ਸਟੇਜ ਤੋਂ ਨਾ ਬੋਲਣ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ, ਪੰਜਾਬ ਨੰਬਰਦਾਰ ਯੂਨੀਅਨ ਤੇ ਕਈ ਹੋਰ ਜਥੇਬੰਦੀਆਂ ਨੇ ਗੁਪਤ ਰੂਪ ਵਿੱਚ ਮੁੱਖ ਮੰਤਰੀ ਖਿਲਾਫ਼ ਨਾਅਰੇਬਾਜ਼ੀ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ। ਇਸੇ ਦੌਰਾਨ ਸੀਨੀਅਰ ਕਪਤਾਨ ਪੁਲੀਸ ਡਾ. ਸੰਦੀਪ ਕੁਮਾਰ ਗਰਗ ਨੇ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੁੰਦਾ ਹੈ ਅਤੇ ਜੋ ਵੀ ਧਿਰਾਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣਾ ਚਾਹੁੰਦੀਆਂ ਹਨ, ਉਨ੍ਹਾਂ ਦਾ ਪਿਆਰ-ਸਤਿਕਾਰ ਨਾਲ ਬਕਾਇਦਾ ਮੁੱਖ ਮੰਤਰੀ ਪੱਤਰ ਪਹੁੰਚਾਇਆ ਜਾਵੇਗਾ।