ਪਵਨ ਗੋਇਲ
ਭੁੱਚੋ ਮੰਡੀ, 1 ਜੁਲਾਈ
ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦਾ ‘ਸਿਹਤ ਅਤੇ ਤੰਦਰੁਸਤੀ ਕੇਂਦਰ’ ਖੁਦ ਬਿਮਾਰ ਹੈ। ਕਈ ਦਹਾਕੇ ਪੁਰਾਣੀ ਇਮਾਰਤ ਦੇ ਵਿਹੜੇ ਹਲਕੇ ਮੀਂਹ ਕਾਰਨ ਵੀ ਪਾਣੀ ਭਰ ਜਾਂਦਾ ਹੈ। ਅੱਜ ਸਵੇਰੇਪਏ ਮੀਂਹ ਨੇ ਕੇਂਦਰ ਨੂੰ ਝੀਲ ਬਣਾ ਦਿੱਤਾ। ਜਾਣਕਾਰੀ ਅਨੁਸਾਰ ਕੇਂਦਰ ਦੇ ਨੇੜੇ ਪਿੰਡ ਦਾ ਵੱਡਾ ਛੱਪੜ ਹੈ, ਜਦੋਂ ਉਹ ਓਵਰਫਲੋਅ ਹੋ ਜਾਂਦਾ ਹੈ ਤਾਂ ਉਸ ਦਾ ਗੰਦਾ ਪਾਣੀ ਇਸ ਇਮਾਰਤ ਵਿੱਚ ਭਰ ਜਾਂਦਾ ਹੈ, ਜਿਸ ਕਾਰਨ ਤਿੰਨ ਪਿੰਡਾਂ ਦੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਸਟਾਫ ਨੂੰ ਵੀ ਇਸ ਪਾਣੀ ਵਿੱਚੋਂ ਲੰਘ ਕੇ ਸਿਹਤ ਕੇਂਦਰ ਵਿੱਚ ਜਾਣਾ ਪੈਂਦਾ ਹੈ। ਸਿਹਤ ਮੁਲਾਜ਼ਮ ਰਾਜਵਿੰਦਰ ਸਿੰਘ ਰੰਗੀਲਾ ਨੇ ਦੱਸਿਆ ਕਿ ਇਸ ਸਿਹਤ ਕੇਂਦਰ ਦੀ ਇਮਾਰਤ ਪੁਰਾਣੀ ਅਤੇ ਕਾਫੀ ਨੀਵੀਂ ਹੈ, ਜਿਸ ਕਾਰਨ ਸਮੱਸਿਆ ਆ ਰਹੀ ਹੈ। ਵਿਧਾਇਕ ਜਗਸੀਰ ਸਿੰਘ ਨੇ ਕਿਹਾ ਕਿ ਉਹ ਪਿੰਡ ਵਿੱਚ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਗੇ, ਜਿਸ ਲਈ ਪਿੰਡ ਵਿੱਚ ਮੁਹੱਲਾ ਕਲੀਨਿਕ ਖੋਲ੍ਹਣ ਦੀ ਤਜਵੀਜ਼ ਸਰਕਾਰ ਨੂੰ ਭੇਜੀ ਹੋਈ ਹੈ।