ਨਿਜੀ ਪੱਤਰ ਪ੍ਰੇਰਕ
ਮੋਗਾ, 9 ਜੂਨ
ਕੇਂਦਰੀ ਨੀਤੀ ਆਯੋਗ ਵੱਲੋਂ ਦੇਸ਼ ਭਰ’ਚੋਂ ਦੋ ਜ਼ਿਲ੍ਹਿਆਂ ਪੰਜਾਬ’ਚੋਂ ਮੋਗਾ ਤੇ ਝਾਰਖੰਡ ’ਚੋਂ ਰਾਂਚੀ ਜ਼ਿਲ੍ਹੇ ਦੀ ਚੋਣ ਕੀਤੀ ਹੈ, ਜਿੱਥੇ 100 ਕਰੋੜ ਪੌਦੇ ਲਾਉਣ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਣਾ ਹੈ। ਮੋਗਾ ਜ਼ਿਲ੍ਹੇ ਲਈ ਵਣ ਰੇਂਜ ਅਫਸਰ ਮੋਗਾ ਨੂੰ ਨੋਡਲ ਅਫਸਰ ਲਾਇਆ ਗਿਆ ਹੈ। ਨੀਤੀ ਆਯੋਗ ਦੀ ਮੋਗਾ ਜ਼ਿਲ੍ਹੇ ’ਚ 90 ਲੱਖ ਤੋਂ ਵਧੇਰੇ ਪੌਦੇ ਲਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੀ ਯੋਜਨਾ ਉਲੀਕੀ ਹੈ। ਵਰਲਡ ਇਕਨੋਮਿਕ ਫੋਰਮ ਦੇ ਉਪਰਾਲੇ ਵਜੋਂ ਭਾਰਤ ’ਚ ਲਗਾਏ ਜਾਣ ਵਾਲੇ ਇਨ੍ਹਾਂ 100 ਕਰੋੜ ਪੌਦਿਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਨੀਤੀ ਆਯੋਗ ਨੇ ਨਵੀਂ ਮੁੰਬਈ ਹੱਬ ਆਫ ਗਲੋਬਲ ਸੇਪਰਜ ਕਮਿਊਨਿਟੀ ਨਾਲ ਸਮਝੌਤਾ ਕੀਤਾ ਹੈ। ਇਸ ਸੰਸਥਾ ਵੱਲੋਂ ਇਸ ਪਾਇਲਟ ਪ੍ਰਾਜੈਕਟ ਨੂੰ ਪੰਜਾਬ ਦੇ ਜ਼ਿਲ੍ਹਾ ਮੋਗਾ ਤੇ ਝਾਰਖੰਡ ਦੇ ਜ਼ਿਲ੍ਹਾ ਰਾਂਚੀ ’ਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਪ੍ਰਾਜੈਕਟ ਨੂੰ ਸਾਰੇ 112 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ 100 ਕਰੋੜ ਪੌਦੇ ਦੇਸ ਦੇ 112 ਉਤਸਾਹੀ ਜ਼ਿਲ੍ਹਿਆਂ ਵਿੱਚ ਵੰਡ ਕੇ ਲਾਏ ਜਾਣਗੇ। ਇਸ ਲਈ ਢੁੱਕਵੀਂ ਜਗ੍ਹਾ ਦੀ ਭਾਲ ਲਈ ਜ਼ਿਲ੍ਹਾ ਮੰਡੀ ਅਫਸਰ, ਪਾਵਰਕੌਮ ਦੇ ਐਕਸੀਅਨ, ਪੰਚਾਇਤੀ ਰਾਜ ਐਕਸੀਅਨ, ਮੁੱਖ ਖੇਤੀਬਾੜੀ ਅਫਸਰ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ ਤੇ ਪ੍ਰਾਇਮਰੀ), ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਉਪ ਮੰਡਲ ਭੂਮੀ ਰੱਖਿਆ ਅਫਸਰ ਤੇ ਚਾਰੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਪੌਦੇ ਲਾਉਣ ਵਾਲੀਆਂ ਥਾਵਾਂ ਦੀ ਸਿਨਾਖ਼ਤ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।