ਸੰਜੀਵ ਹਾਂਡਾ
ਫ਼ਿਰੋਜ਼ਪੁਰ, 24 ਜੁਲਾਈ
ਇਥੇ ਜ਼ੀਰਾ ਰੋਡ ’ਤੇ ਸਥਿਤ ਪਿੰਡ ਸੁਰ ਸਿੰਘ ਵਾਲਾ ਵਿੱਚ ਇੱਕ ਪੈਟਰੋਲ ਪੰਪ ਤੋਂ ਕਾਰ ਸਵਾਰ ਚਾਰ ਹਥਿਆਰਬੰਦ ਲੁਟੇਰੇ ਕਰੀਬ ਤੀਹ ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਹ ਵਾਰਦਾਤ ਸ਼ਨਿਚਰਵਾਰ ਰਾਤ ਗਿਆਰਾਂ ਵਜੇ ਦੀ ਦੱਸੀ ਜਾਂਦੀ ਹੈ। ਜ਼ੀਰਾ ਵਾਲੇ ਪਾਸਿਉਂ ਹੌਂਡਾ ਸਿਟੀ ਕਾਰ ’ਤੇ ਸਵਾਰ ਹੋ ਕੇ ਆਏ ਚਾਰ ਹਥਿਆਰਬੰਦ ਲੁਟੇਰੇ ਇਸ ਪੈਟਰੋਲ ਪੰਪ ’ਤੇ ਆਏ ਜਿਨ੍ਹਾਂ ਵਿੱਚੋਂ ਦੋ ਕੋਲ ਰਿਵਾਲਵਰ ਅਤੇ ਦੋ ਜਣਿਆਂ ਕੋਲ ਬੇਸ ਬੈਟ ਤੇ ਗੰਡਾਸੀ ਸੀ, ਨੇ ਆਉਂਦਿਆਂ ਹੀ ਪੰਪ ’ਤੇ ਬੈਠੇ ਮੁਲਾਜ਼ਮਾਂ ਨੂੰ ਪਿਸਤੌਲ ਕੱਢ ਕੇ ਘੇਰ ਲਿਆ ਅਤੇ ਨਕਦੀ ਖੋਹ ਕੇ ਜ਼ੀਰਾ ਵਾਲੇ ਪਾਸੇ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਪੰਪ ਮਾਲਕ ਮੌਕੇ ’ਤੇ ਪਹੁੰਚ ਗਏ ਅਤੇ ਪੁਲੀਸ ਨੂੰ ਸੂਚਿਤ ਕੀਤਾ। ਜ਼ਿਲ੍ਹੇੇ ਦੇ ਨਵਨਿਯੁਕਤ ਐੱਸਐੱਸਪੀ ਸੁਰਿੰਦਰ ਲਾਂਬਾ ਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਲੁਟੇਰਿਆਂ ਦੀ ਭਾਲ ਲਈ ਕਈ ਟੀਮਾਂ ਮੌਕੇ ਤੋਂ ਰਵਾਨਾ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਡੀਜੀਪੀ ਵੱਲੋਂ ਪੂਰੇ ਪੰਜਾਬ ਵਿੱਚ ਗੱਡੀਆਂ ਦੀ ਚੈਕਿੰਗ ਲਈ ਵਿਸ਼ੇਸ਼ ਪੁਲੀਸ ਨਾਕੇ ਲਾਏ ਗਏ ਸਨ, ਪਰ ਇਸਦੇ ਬਾਵਜੂਦ ਅਣਪਛਾਤੇ ਲੁਟੇਰੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਪੰਪ ਮਾਲਕਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਕੁਝ ਚਿਰ ਪਹਿਲਾਂ ਮਖੂ ਵਿੱਚ ਵੀ ਇੱਕ ਪੈਟਰੋਲ ਪੰਪ ’ਤੇ ਖੋਹ ਦੀ ਵਾਰਦਾਤ ਹੋਈ ਹੈ।