ਪੱਤਰ ਪ੍ਰੇਰਕ
ਤਲਵੰਡੀ ਸਾਬੋ, 28 ਜੁਲਾਈ
ਕੌਮੀ ਪੱਧਰ ’ਤੇ ਪੰਜ ਵਾਰ ਮੈਡਲ ਜਿੱਤਣ ਵਾਲੇ ਅਤੇ ਇਨ੍ਹਾਂ ’ਚੋਂ ਦੋ ਵਾਰ ਸੋਨ ਤਗਮੇ ਆਪਣੇ ਨਾਂ ਦਰਜ ਕਰਨ ਵਾਲੇ ਸਥਾਨਕ ਸ਼ਹਿਰ ਦੇ ਬਾਕਸਿੰਗ ਖਿਡਾਰੀ ਕੁਲਦੀਪ ਸਿੰਘ (19) ਦੀ ਚਿੱਟੇ ਦੀ ਓਵਰਡੋਜ਼ ਨਾਲ ਹੋਈ ਮੌਤ ਮਗਰੋਂ ਖਿਡਾਰੀ ਦੇ ਮਾਪਿਆਂ, ਰਿਸ਼ਤੇਦਾਰਾਂ ਅਤੇ ਖੇਡ ਪ੍ਰੇਮੀਆਂ ਨੇ ਇੱਥੇ ਖੰਡਾ ਚੌਕ ਵਿੱਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਪੀੜਤਾਂ ਨੇ ਐਲਾਨ ਕੀਤਾ ਕਿ ਜਦ ਤੱਕ ਪੁਲੀਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਤਦ ਤੱਕ ਨਾ ਤਾਂ ਧਰਨਾ ਹਟਾਇਆ ਜਾਵੇਗਾ ਅਤੇ ਨਾ ਹੀ ਪੋਸਟਮਾਰਟਮ ਕਰਵਾਇਆ ਜਾਵੇਗਾ।
ਧਰਨੇ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅਖ਼ੀਰ ਮ੍ਰਿਤਕ ਖਿਡਾਰੀ ਦੇ ਪਿਤਾ ਪ੍ਰੀਤਮ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਖੁਸ਼ਦੀਪ ਸਿੰਘ ਉਰਫ ਖੁਸ਼ੀ ਵਾਸੀ ਤਲਵੰਡੀ ਸਾਬੋ ਦੇ ਖ਼ਿਲਾਫ਼ ਮਾਮਲਾ ਦਰਜ ਹੋਣ ਉਪਰੰਤ ਧਰਨੇ ਦੀ ਸਮਾਪਤੀ ਅਤੇ ਪੋਸਟਮਾਰਟਮ ਬਾਅਦ ਮ੍ਰਿਤਕ ਦਾ ਸੰਸਕਾਰ ਹੋਇਆ।
ਮ੍ਰਿਤਕ ਖਿਡਾਰੀ ਕੁਲਦੀਪ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਨੇ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਕਿ ਉਸ ਦਾ ਪੁੱਤਰ ਕੁਲਦੀਪ ਸਿੰਘ ਕਾਲਜ ਪੜ੍ਹਨ ਗਿਆ ਸੀ। ਜਿੱਥੋਂ ਖੁਸ਼ਦੀਪ ਸਿੰਘ ਉਰਫ ਖੁਸ਼ੀ ਵਾਸੀ ਤਲਵੰਡੀ ਸਾਬੋ ਕਿਸੇ ਦਾ ਮੋਟਰਸਾਈਕਲ ਲੈ ਕੇ ਕੁਲਦੀਪ ਸਿੰਘ ਨੂੰ ਨਾਲ ਲੈ ਗਿਆ। ਕਾਫੀ ਸਮੇਂ ਬਾਅਦ ਖੁਸ਼ੀ ਇਕੱਲਾ ਕਾਲਜ ਆ ਗਿਆ।
ਉਨ੍ਹਾਂ ਦੱਸਿਆ ਕਿ ਜਦ ਕੁਲਦੀਪ ਸਿੰਘ ਘਰ ਨਾ ਆਇਆ ਤਾਂ ਉਨ੍ਹਾਂ ਉਸ ਦੀ ਭਾਲ ਸ਼ੁਰੂ ਕੀਤੀ। ਜਦ ਖੁਸ਼ਦੀਪ ਸਿੰਘ ਨੂੰ ਕੁਲਦੀਪ ਸਿੰਘ ਬਾਰੇ ਪੁੱਛਿਆ ਤਾਂ ਉਹ ਕੋਈ ਜਵਾਬ ਨਹੀਂ ਦੇ ਸਕਿਆ। ਪਰਿਵਾਰਕ ਮੈਂਬਰਾਂ ਤੇ ਕੁਲਦੀਪ ਸਿੰਘ ਦੇ ਦੋਸਤਾਂ ਵੱਲੋਂ ਭਾਲ ਕਰਦੇ ਸਮੇਂ ਉਸ ਦੀ ਲਾਸ਼ ਰਾਮਾਂ ਰੋਡ ਵੱਲ ਸੂਏ ਦੀ ਪਟੜੀ ਨਾਲ ਲੱਗਦੇ ਇੱਕ ਖੇਤ ਵਿੱਚੋਂ ਮਿਲੀ। ਕੁਲਦੀਪ ਸਿੰਘ ਦੇ ਖੱਬੇ ਹੱਥ ਦੀ ਮੁੱਠੀ ਵਿੱਚ ਸਰਿੰਜ ਸੀ ਤੇ ਸੱਜੀ ਬਾਂਹ ਵਿੱਚ ਸੂਈ ਦੇ ਨਿਸ਼ਾਨ ਸਨ। ਪ੍ਰੀਤਮ ਸਿੰਘ ਨੇ ਦੋਸ਼ ਲਾਇਆ ਕਿ ਖੁਸ਼ਦੀਪ ਸਿੰਘ ਨੇ ਉਸ ਦੇ ਪੁੱਤਰ ਕੁਲਦੀਪ ਸਿੰਘ ਨੂੰ ਨਸ਼ੇ ਦੀ ਵੱਧ ਡੋਜ਼ ਦੇ ਕੇ ਮਾਰਿਆ ਹੈ। ਤਲਵੰਡੀ ਸਾਬੋ ਪੁਲੀਸ ਨੇ ਖੁਸ਼ਦੀਪ ਸਿੰਘ ਦੇ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮਾਮਲਾ ਦਰਜ ਹੋਣ ਉਪਰੰਤ ਸਥਾਨਕ ਸਿਵਲ ਹਸਪਤਾਲ ਵਿੱਚ ਮ੍ਰਿਤਕ ਖਿਡਾਰੀ ਦਾ ਪੋਸਟਮਾਰਟਮ ਹੋਣ ਬਾਅਦ ਸ਼ਾਮ ਨੂੰ ਸੰਸਕਾਰ ਕਰ ਦਿੱਤਾ ਗਿਆ।