ਨਵਕਿਰਨ ਸਿੰਘ
ਮਹਿਲ ਕਲਾਂ, 23 ਜਨਵਰੀ
ਮਹਿਲ ਕਲਾਂ ਖੇਤਰ ਦੇ ਅੱਧੀ ਦਰਜ਼ਨ ਤੋਂ ਵੱਧ ਪਿੰਡਾਂ ’ਚੋਂ ਅੱਜ ਸੈਂਕੜੇ ਤੋਂ ਵੱਧ ਟਰੈਕਟਰ 26 ਜਨਵਰੀ ਦੀ ਕਿਸਾਨ ਪਰੇਡ ਲਈ ਦਿੱਲੀ ਨੂੰ ਰਵਾਨਾ ਹੋਏ ਹਨ। ਮਹਿਲ ਕਲਾਂ ਖੇਤਰ ਵਿੱਚ ਸਰਗਰਮ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਆਦਾਤਰ ਪਿੰਡਾਂ ’ਚੋਂ ਟਰੈਕਟਰ ਸਾਂਝੇ ਰੂਪ ਵਿੱਚ ਹੀ ਤੋਰੇ ਜਾ ਰਹੇ ਹਨ। ਇਕੱਲੇ ਸਹਿਜੜਾ ਪਿੰਡ ਤੋਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ 35 ਟਰੈਕਟਰ ਦਿੱਲੀ ਲਈ ਰਵਾਨਾ ਹੋਏ ਹਨ। ਪਿੰਡ ਸਹਿਜੜ੍ਹਾ ਦੇ ਕਿਸਾਨ ਆਗੂ ਜਗਪਾਲ ਸਿੰਘ, ਗੁਰਧਿਆਨ ਸਿੰਘ ਬਾਜਵਾ ਅਤੇ ਮਨਜੀਤ ਸਹਿਜੜਾ ਨੇ ਦੱਸਿਆ ਕਿ ਡੀਜ਼ਲ ਦਾ ਪ੍ਰਬੰਧ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਯੂਥ ਕਲੱਬ ਵੱਲੋਂ ਕੀਤਾ ਗਿਆ ਹੈ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਮਹਿਲ ਕਲਾਂ ਖੇਤਰ ’ਚੋਂ ਦਰਜਨਾਂ ਟਰੈਕਟਰ ਦਿੱਲੀ ਲਈ ਰਵਾਨਾ ਹੋਏ ਹਨ। ਇਸੇ ਤਰ੍ਹਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦਾ ਇੱਕ ਕਾਫ਼ਲਾ ਅੱਜ ਦਿੱਲੀ ਲਈ ਰਵਾਨਾ ਹੋਇਆ ਹੈ ਤੇ ਦੂਜਾ ਕਾਫ਼ਲਾ ਭਲਕੇ ਮਹਿਲ ਕਲਾਂ ਤੋਂ ਰਵਾਨਾ ਹੋਵੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਝੰਡੇ ਹੇਠ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਚੱਕਪੱਖੀ, ਟਾਹਲੀਵਾਲਾ ਬੋਦਲਾ, ਆਜਮਵਾਲਾ, ਹੌਜਖਾਸ, ਘੁੜਿਆਣਾ, ਜੌੜਕੀ ਕੰਕਰਵਾਲੀ, ਸੈਣੀਆਂ, ਜੈਮਲਵਾਲਾ ਅਤੇ ਕਈ ਹੋਰ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਦਿੱਲੀ ਲਈ ਰਵਾਨਾ ਹੋਏ। ਸਿਰਸਾ (ਪ੍ਰਭੂ ਦਿਆਲ): ਅੱਜ ਸਿਰਸਾ ਤੋਂ ਸੈਂਕੜਿਆਂ ਦੀ ਗਿਣਤੀ ’ਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ ਹਨ। ਕਿਸਾਨਾਂ ਦੇ ਨਾਲ ਕਿਸਾਨ ਮਹਿਲਾਵਾਂ ਵੀ ਦਿੱਲੀ ਲਈ ਰਵਾਨਾ ਹੋਈਆਂ ਹਨ। ਦਿੱਲੀ ਜਾਣ ਵਾਲੇ ਕਿਸਾਨਾਂ ਲਈ ਨੈਸ਼ਨਲ ਹਾਈ ਵੇਅ ਨੌਂ ’ਤੇ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਲਈ ਲੰਗਰ ਤੇ ਚਾਹ ਪਾਣੀ ਦੀ ਵਿਵਸਥਾ ਪਿੰਡਾਂ ਦੇ ਲੋਕਾਂ ਵੱਲੋਂ ਕੀਤੀ ਗਈ ਹੈ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਕਸਬੇ ਸ਼ਹਿਣਾ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਕਾਈ ਆਗੂਆਂ ਵੱਲੋਂ ਦਿੱਲੀ ਸੰਘਰਸ਼ ਲਈ ਰਾਸ਼ਨ ਅਤੇ ਲੱਕੜ ਲੈ ਕੇ 15ਵਾਂ ਕਾਫ਼ਲਾ ਰਵਾਨਾ ਹੋਇਆ। ਜਾਣਕਾਰੀ ਦਿੰਦਿਆਂ ਗੁਰਸ਼ਰਨਜੀਤ ਸਿੰਘ ਪੱਪੂ, ਦੀਪਾ ਸਿੰਘ ਗਿੱਲ, ਅਮਨ ਸਿੰਘ ਗਿੱਲ, ਮਿੱਠੂ ਸਿੰਘ, ਤੇਜਾ ਸਿੰਘ ਨੇ ਦੱਸਿਆ ਕਿ ਕਾਫਲਾ ਆਪਣੇ ਨਾਲ 3 ਕੁਇੰਟਲ ਆਟਾ, 100 ਪੇਟੀ ਪਾਣੀ ਬੋਤਲਾਂ ਵਾਲਾ, 12 ਪੇਟੀਆਂ ਰਸ, ਇੱਕ ਟਰਾਲਾ ਲੱਕੜਾਂ ਅਤੇ ਹੋਰ ਸਮੱਗਰੀ ਲੈਕੇ ਗਿਆ ਹੈ। ਕਾਫਲੇ ’ਚ ਕਰੀਬ 50 ਦੇ ਕਰੀਬ ਨੌਜਵਾਨ ਸ਼ਾਮਲ ਸਨ।
ਲੰਬੀ ਹਲਕੇ ’ਚੋਂ ਵੀ ਕਾਫ਼ਲਾ ਰਵਾਨਾ
ਲੰਬੀ (ਇਕਬਾਲ ਸਿੰਘ ਸ਼ਾਂਤ): ਭਾਕਿਯੂ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਲੰਬੀ ਹਲਕੇ ਵਿੱਚੋਂ ਅੱਜ ਨੌਵਾਂ ਜਥਾ ਦਿੱਲੀ ਨੂੰ ਰਵਾਨਾ ਹੋਇਆ। ਪਿੰਡ ਕਿੱਲਿਆਂਵਾਲੀ ਤੋਂ ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਚੰਨੂ ਦੀ ਅਗਵਾਈ ਵਿੱਚ ਟਰੈਕਟਰ ਕਾਫ਼ਲਾ ਤੋਰਿਆ ਗਿਆ। ਕਾਫ਼ਲੇ ’ਚ ਪਿੰਡ ਕਿੱਲਿਆਂਵਾਲੀ, ਸਿੱਖਵਾਲਾ, ਵੜਿੰਗਖੇੜਾ ਅਤੇ ਲੁਹਾਰਾ ਦੇ ਕਿਸਾਨ ਸ਼ਾਮਲ ਹਨ। ਇਸ ਮੌਕੇ ਬਲਾਕ ਮੀਤ ਪ੍ਰਧਾਨ ਹਰਪਾਲ ਸਿੰਘ ਕਿੱਲਿਆਂਵਾਲੀ ਕਾਫਲੇ ਦੀ ਰਵਾਨਗੀ ਮੌਕੇ ਮੌਜੂਦ ਸਨ।
ਢੁੱਡੀਕੇ ਅਥੇ ਬੱਧਨੀ ਖੁਰਦ ਤੋਂ ਟਰੈਕਟਰਾਂ ਦੇ ਵੱਡੇ ਕਾਫ਼ਲੇ ਰਵਾਨਾ
ਅਜੀਤਵਾਲ (ਗੁਰਪ੍ਰੀਤ ਦੌਧਰ): ਇਥੇ ਇਤਿਹਾਸਕ ਪਿੰਡ ਢੁੱਡੀਕੇ ਤੋਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਟਰੈਕਟਰਾਂ ਦਾ ਵੱਡਾ ਕਾਫ਼ਲਾ ਦਿੱਲੀ ਟਰੈਕਟਰ ਪਰੇਡ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਇਸਤਰੀ ਵਿੰਗ ਢੁੱਡੀਕੇ ਦੇ ਪ੍ਰਧਾਨ ਪਰਮਜੀਤ ਕੌਰ, ਸੂਬਾ ਆਗੂ ਮਾਤਾ ਸੁਰਿੰਦਰ ਕੌਰ,,ਰਮਨਪ੍ਰੀਤ ਕੌਰ, ਗੁਰਮੀਤ ਕੌਰ,ਅਮਨਦੀਪ ਕੌਰ,ਸਰਪੰਚ ਜਸਵੀਰ ਸਿੰਘ ਢਿੱਲੋਂ, ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ, ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ,ਸਾਬਕਾ ਸਰਪੰਚ ਗੁਰਦੇਵ ਸਿੰਘ ਹਾਜ਼ਰ ਸਨ।
ਇਸੇ ਤਰ੍ਹਾਂ ਅੱਜ ਪਿੰਡ ਬੱਧਨੀ ਖੁਰਦ ਤੋਂ ਕੁਲ ਹਿੰਦ ਕਿਸਾਨ ਸਭਾ ਵੱਲੋਂ ਪੰਜ ਟਰੈਕਟਰਾਂ ਦਾ ਪਹਿਲਾ ਜੱਥਾ ਰਵਾਨਾ ਹੋਇਆ। ਜਥੇ ਦੀ ਰਵਾਨਗੀ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 125ਵਾਂ ਜ਼ਨਮ ਦਿਹਾੜਾ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਇਹ ਦਿਨ ਸਾਰੇ ਦੇਸ਼ ਅੰਦਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਥੀ ਭੋਲਾ ਨੇ ਨੇਤਾ ਜੀ ਦੇ ਜਨਮ ਦਿਨ ਤੇ ਦੇਸ਼ ਵਾਸੀਆਂ ਨੂੰ ਮੁਬਾਰਕਵਾਦ ਪੇਸ਼ ਕਰਦਿਆਂ ਕਿਹਾ ਕਿ ਅਫਸੋਸ ਹੈ ਕਿ ਅੱਜ ਦੇਸ਼ ਦੀ ਸੱਤਾ ਜਿਨ੍ਹਾਂ ਤਾਕਤਾਂ ਦੇ ਹੱਥਾਂ ਵਿਚ ਹੈ ਉਹ ਨੇਤਾ ਜੀ ਦੀ ਵਿਰਾਸਤ ਨੂੰ ਮਿੱਟੀ ਵਿੱਚ ਰੋਲ ਰਹੇ ਹਨ।