ਜੋਗਿੰਦਰ ਸਿੰਘ ਮਾਨ
ਮਾਨਸਾ, 24 ਅਪਰੈਲ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਅੱਜ ਗਊਸ਼ਾਲਾ ਵਿੱਚ 30 ਲੱਖ ਦੀ ਲਾਗਤ ਨਾਲ ਬਣਾਏ ਵਾਟਰ ਪਾਰਕ ਦਾ ਉਦਘਾਟਨ ਕਰਦਿਆਂ ਕਿਹਾ ਕਿ ਮਾਨਸਾ ਨੇੜਲੇ ਪਿੰਡ ਖੋਖਰ ਕਲਾਂ ਵਿੱਚ ਬਣੀ ਸਰਕਾਰੀ ਗਊਸ਼ਾਲਾ ਬੇਸਹਾਰਾ ਗਾਵਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਬਤੌਰ ਕੈਬਨਿਟ ਮੰਤਰੀ ਮਿਲਣ ਵਾਲੀ ਆਪਣੀ ਪਹਿਲੀ ਤਨਖਾਹ ਗਊਸ਼ਾਲਾ ਖੌਖਰ ਕਲਾਂ ਨੂੰ ਦਾਨ ਕਰਨਗੇ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਬਣਾਏ ਵਾਟਰ ਪਾਰਕ ਨਾਲ ਆਲੇ-ਦੁਆਲੇ ਦੇ ਲੋਕ ਹਰਿਆਲੀ ਦਾ ਨਿੱਘ ਮਾਣਦੇ ਹੋਏ ਪ੍ਰਦੂਸ਼ਣ ਰਹਿਤ ਮਾਹੌਲ ਦਾ ਆਨੰਦ ਮਾਣ ਸਕਣਗੇ। ਇਸ ਤੋਂ ਹੋਣ ਵਾਲੀ ਆਮਦਨ ਨਾਲ ਗਊਆਂ ਲਈ ਵਧੀਆ ਸਾਧਨ ਜੁਟਾਉਣ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਰਿਵਾਰ ਸਣੇ ਵਾਟਰ ਪਾਰਕ ਤੇ ਪਾਰਕ ਦਾ ਆਨੰਦ ਲਿਆ ਜਾਵੇ।
ਇਸ ਮੌਕੇ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਰਾਜ ਸਰਕਾਰ ਗਊਆਂ ਦੀ ਸੇਵਾ ਲਈ ਦ੍ਰਿੜ ਸੰਕਲਪ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਗਊਸ਼ਾਲਾ ਅੰਦਰ ਬਣੇ ਵਾਟਰ ਪਾਰਕ ਦੀ ਦੇਖਰੇਖ ਦਾ ਪੂਰਾ ਖਿਆਲ ਰੱਖਿਆ ਜਾਵੇਗਾ।