ਖੇਤਰੀ ਪ੍ਰਤੀਨਿਧ
ਬਰਨਾਲਾ, 9 ਜੂਨ
ਸੰਗਰੂਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰਦਿਆਂ ਅੱਜ ਆਪਣੇ ਬਰਨਾਲਾ ਗ੍ਰਹਿ ਵਿਖੇ ਪ੍ਰੈਸ ਮਿਲਣੀ ਕੀਤੀ। ਆਪਣਾ ਮੁੱਖ ਚੋਣ ਏਜੰਡਾ ਰੱਖਦਿਆਂ ਸ੍ਰੀ ਢਿੱਲੋਂ ਨੇ ਵਾਅਦਾ ਕੀਤਾ ਕਿ ਉਹ ਸੰਗਰੂਰ ਲੋਕ ਸਭਾ ਹਲਕੇ ਲਈ ਸੰਗਰੂਰ ਵਿੱਚ ਕਾਰਗੋ ਟਰਮੀਨਲ ਦੇ ਨਾਲ ਇੱਕ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸਥਾਪਨਾ ਨੂੰ ਪ੍ਰਮੁੱਖਤਾ/ਪਹਿਲ ਦੇਣਗੇ। ਤਾਂ ਜੋ ਇਸ ਪਛੜੇ ਹਲਕੇ ਦਾ ਵਿਕਾਸ ਅਤੇ ਤਰੱਕੀ ਹੋ ਸਕੇ ਜਿਸ ਨਾਲ ਵੱਡਾ ਨਿਵੇਸ਼ ਹੋਵੇਗਾ ਤੇ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਸਹਾਈ ਹੋਵੇਗਾ। ਬਲਕਿ ਸਮੁੱਚੇ ਮਾਲਵੇ ਦੇ ਲੋਕਾਂ ਨੂੰ ਲਾਹਾ ਮਿਲੇਗਾ। ਸ੍ਰੀ ਢਿੱਲੋਂ ਨੇ ਕਿਹਾ ਕਿ ਇਸ ਖੇਤਰ ਦੀ ਜ਼ਿਆਦਾਤਰ ਆਬਾਦੀ ਕਿਸਾਨੀ ਹੈ। ਇੱਕ ਘਰੇਲੂ/ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਇੱਕ ਕਾਰਗੋ ਟਰਮੀਨਲ ਹੋਣ ਨਾਲ ਉਨ੍ਹਾਂ ਨੂੰ ਆਪਣੀ ਖੇਤੀ ਉਪਜ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਬਰਾਮਦ ਕਰਨ ਵਿੱਚ ਵੀ ਮਦਦ ਮਿਲੇਗੀ ਅਤੇ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਬਾਰੇ ਉਹ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਗੱਲਬਾਤ ਕਰ ਚੁੱਕੇ ਹਨ।
‘ਹਲਕੇ ਵਿੱਚ 25 ਹਜ਼ਾਰ ਕਰੋੜ ਰੁਪਏ ਦੀ ਇੰਡਸਟਰੀ ਲਿਆਵਾਂਗਾ’
ਸ਼ਹਿਣਾ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਸੰਗਰੂਰ ਤੋਂ ਹੋ ਰਹੀ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੱਲੋਂ ਭਾਜਪਾ ਮੰਡਲ ਸ਼ਹਿਣਾ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਚੋਣ ਸਰਗਰਮੀਆਂ ਸਬੰਧੀ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ। ਇਸ ਮੌਕੇ ਭਾਜਪਾ ਮੰਡਲ ਸ਼ਹਿਣਾ ਦੇ ਪ੍ਰਧਾਨ ਪ੍ਰਦੀਪ ਸਿੰਗਲਾ ਅਤੇ ਜ਼ਿਲ੍ਹਾ ਆਗੂ ਚਮਕੌਰ ਸਿੰਘ ਸਰੰਦੀ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮੰਡਲ ਦੇ ਅਹੁਦੇਦਾਰਾਂ ਵੱਲੋਂ ਸ਼੍ਰੀ ਢਿੱਲੋਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆ ਸ਼੍ਰੀ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਵੱਲੋਂ ਦਿੱਤਾ ਗਿਆ ਫਤਬਾ ਦੋ ਮਹੀਨਿਆਂ ’ਚ ਰੋਲ ਕੇ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਮੋਦੀ ਸਰਕਾਰ ਵੱਲੋਂ ਲੋਕ ਭਲਾਈ ਲਈ ਕੀਤੇ ਕੰਮਾਂ ਦਾ ਖਰੜਾ ਤਿਆਰ ਕਰਕੇ ਇੱਕ-ਇੱਕ ਵੋਟਰ ਦੀ ਕਚਹਿਰੀ ’ਚ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤ ਕੇ ਹਲਕੇ ’ਚ 25 ਹਜ਼ਾਰ ਕਰੋੜ ਰੁਪਏ ਦੀ ਇੰਡਸਟਰੀ ਲਿਆਂਦੀ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਆਫ਼ ਅਤੇ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਸੁਪਨੇ ਵਾਲੀ ਗੱਲ ਬਣ ਕੇ ਰਹਿ ਗਈ ਹੈ।
‘ਆਪ’ ਸਰਕਾਰ ਤੋਂ ਲੋਕ ਦੋ ਮਹੀਨਿਆਂ ’ਚ ਹੀ ਤੰਗ ਆਏ: ਢਿੱਲੋਂ
ਟੱਲੇਵਾਲ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਭਾਜਪਾ ਵਲੋਂ ਚੋਣ ਲੜ ਰਹੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਅੱਜ ਆਪਣੇ ਜੱਦੀ ਪਿੰਡ ਟੱਲੇਵਾਲ ਦੇ ਗੁਰਦੁਆਰੇ ’ਚ ਮੱਥਾ ਟੇਕਿਆ। ਸ੍ਰੀ ਢਿੱਲੋਂ ਨੇ ਕਿਹਾ ਕਿ ਇਸ ਅਸਥਾਨ ਤੋਂ ਉਨ੍ਹਾਂ ਨੂੰ ਨਵੀਂ ਸ਼ਕਤੀ ਤੇ ਊਰਜਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੜਾ ਸੋਚ ਸਮਝ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਲੋਕ ਆਮ ਆਦਮੀ ਪਾਰਟੀ ਦੀ ਦੋ ਮਹੀਨਿਆਂ ਦੀ ਮਾੜੀ ਕਾਰਗੁਜ਼ਾਰੀ ਤੋਂ ਤੰਗ ਆ ਚੁੱਕੇ ਹੈ ਜਿਸ ਕਰਕੇ ਸੰਗਰੂਰ ਦੇ ਲੋਕ ਇਸ ਵਾਰ ਬੀਜੇਪੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੱਚਮੁੱਚ ਵੱਡਾ ਬਦਲਾਅ ਲਿਆਉਣਗੇ। ਇਸ ਮੌਕੇ ਕਰਨਇੰਦਰ ਸਿੰਘ ਢਿੱਲੋਂ, ਜੱਗਾ ਸਿੰਘ ਮਾਨ ਵੀ ਹਾਜ਼ਰ ਸਨ।