ਜਸਵੰਤ ਜੱਸ
ਫਰੀਦਕੋਟ, 6 ਅਪਰੈਲ
ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਬੱਸਾਂ ਦੇ ਟਾਈਮ ਟੇਬਲ ਅਤੇ ਰੂਟ ਨਿੱਜੀ ਬੱਸ ਕੰਪਨੀਆਂ ਦੇ ਦਫ਼ਤਰਾਂ ਵਿੱਚ ਬਣਨ ਦੀ ਸ਼ਿਕਾਇਤ ਮਿਲਣ ਮਗਰੋਂ ਫ਼ਰੀਦਕੋਟ ਦੇ ਵਿਧਾਇਕ ਨੇ ਅੱਜ ਇੱਥੇ ਪੀ.ਆਰ.ਟੀ.ਸੀ ਡਿਪੂ ਵਿੱਚ ਜਾ ਕੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਜਨਰਲ ਮੈਨੇਜਰ ਨੂੰ ਦੱਸਿਆ ਕਿ ਪੀ.ਆਰ.ਟੀ.ਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਅੱਗੇ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਨਿੱਜੀ ਬੱਸਾਂ ਨੂੰ ਟਾਈਮ ਦਿੱਤਾ ਜਾਂਦਾ ਹੈ, ਜਿਸ ਕਾਰਨ ਸਰਕਾਰੀ ਬੱਸਾਂ ਨੂੰ ਨਿੱਜੀ ਬੱਸਾਂ ਦੇ ਮੁਕਾਬਲੇ ਸਵਾਰੀਆਂ ਨਹੀਂ ਮਿਲਦੀਆਂ। ਪੀ.ਆਰ.ਟੀ.ਸੀ. ਤੇ ਰੋਡਵੇਜ਼ ਦੇ ਮੁਕਾਬਲੇ ਸਰਕਾਰੀ ਬੱਸਾਂ ਨਾਲ ਹੁੰਦੀ ਇਸ ਧੱਕੇਸ਼ਾਹੀ ਖ਼ਿਲਾਫ਼ ਮੈਨੇਜਮੈਂਟ ਵਿਰੁੱਧ ਧਰਨੇ ’ਤੇ ਜਾਣ ਦਾ ਐਲਾਨ ਕੀਤਾ ਸੀ ਪਰ ਮੁਲਾਜ਼ਮਾਂ ਨੇ ਧਰਨੇ ’ਤੇ ਜਾਣ ਤੋਂ ਪਹਿਲਾਂ ਇਹ ਮੁੱਦਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ।
ਵਿਧਾਇਕ ਦੀ ਹਾਜ਼ਰੀ ’ਚ ਹੋਈ ਮੀਟਿੰਗ ’ਚ ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ ਐੱਮ.ਪੀ. ਸਿੰਘ ਨੇ ਕਿਹਾ ਕਿ ਸਰਕਾਰੀ ਬੱਸਾਂ ਦੇ ਕੰਮਕਾਜ ਵਿੱਚ ਨਿੱਜੀ ਬੱਸ ਕੰਪਨੀਆਂ ਦੀ ਕਿਸੇ ਵੀ ਤਰ੍ਹਾਂ ਕੋਈ ਦਖਲਅੰਦਾਜੀ ਨਹੀਂ ਹੈ ਤੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਨਿੱਜੀ ਬੱਸ ਕੰਪਨੀਆਂ ਦੇ ਹੱਥਾਂ ’ਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਕੋਈ ਮਾਮਲਾ ਧਿਆਨ ’ਚ ਆਉਂਦਾ ਹੈ ਤਾਂ ਨਿਯਮਾਂ ਮੁਤਾਬਿਕ ਕਾਰਵਾਈ ਹੋਵੇਗੀ। ਹੈਪੀ ਬਰਾੜ ਨੇ ਕਿਹਾ ਕਿ ਪੀ.ਆਰ.ਟੀ.ਸੀ. ’ਚ ਕੁਝ ਅਫ਼ਸਰ ਨਿੱਜੀ ਬੱਸ ਕੰਪਨੀਆਂ ਦੀ ਗੈਰਕਾਨੂੰਨੀ ਮੱਦਦ ਕਰ ਰਹੇ ਹਨ ਤੇ ਇਸ ਸਬੰਧੀ ਵਿਭਾਗ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਇਸ ਦੇ ਬਾਵਜੂਦ ਕਸੂਰਵਾਰ ਅਧਿਕਾਰੀਆਂ ਨੂੰ ਬਦਲਿਆ ਨਹੀਂ ਗਿਆ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਿਯਮਾਂ ਅਨੁਸਾਰ ਚੱਲਣੀਆਂ ਚਾਹੀਦੀਆਂ ਹਨ ਤੇ ਇਸ ਵਿੱਚ ਟਰਾਂਸਪੋਰਟ ਮਾਫੀਆ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ।
ਵਿਧਾਇਕ ਨੇ ਕਿਹਾ ਕਿ ਜੇ ਅਧਿਕਾਰੀਆਂ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਉਹ ਇਸ ਸੰਬੰਧੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਇਹ ਮੁੱਦਾ ਅੱਜ ਟਰਾਂਸਪੋਰਟ ਮੰਤਰੀ ਦੇ ਧਿਆਨ ’ਚ ਵੀ ਲਿਆਂਦਾ ਗਿਆ ਹੈ।