ਪੱਤਰ ਪ੍ਰੇਰਕ
ਜ਼ੀਰਾ, 4 ਸਤੰਬਰ
ਜ਼ੀਰਾ ਦੇ ਕਸਬਾ ਮਖੂ ਦੇ ਡਾ. ਰਣਜੀਤ ਸਿੰਘ ਚੌਕ ਦੇ ਭਰੇ ਬਾਜ਼ਾਰ ਵਿੱਚ ਬੀਤੀ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਮੌਜੂਦ ਦੁਕਾਨਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਦੋ ਕਾਰ ਸਵਾਰਾਂ ਦੀ ਆਪਸ ਵਿੱਚ ਹੋਈ ਤਕਰਾਰ ਮੌਕੇ ਤਾੜ ਤਾੜ ਗੋਲੀਆਂ ਚੱਲ ਗਈਆਂ। ਇਹ ਗੋਲੀਆਂ ਸਾਹਮਣੇ ਬਣੇ ਮੀਟ ਦੇ ਖੋਖਿਆਂ ਤੋਂ ਇਲਾਵਾ ਨਵੀਆਂ ਬਣ ਰਹੀਆਂ ਦੁਕਾਨਾਂ ਦੇ ਵਿੱਚ ਵੀ ਲੱਗੀਆਂ। ਵਾਰਦਾਤ ਮੌਕੇ ਸੜਕ ਤੋਂ ਲੰਘ ਰਹੇ ਇੱਕ ਰਾਹਗੀਰ ਦੇ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਜ਼ੀਰਾ ਪਲਵਿੰਦਰ ਸਿੰਘ ਨੇ ਦੱਸਿਆ ਕੀ ਬੀਤੀ ਰਾਤ ਮੱਖੂ ਵਿੱਚ ਦੋ ਕਾਰ ਸਵਾਰਾਂ ਵਿਚਾਲੇ ਕਰਾਸ ਫਾਈਰਿੰਗ ਹੋਈ। ਇਸ ਫਾਇਰਿੰਗ ਵਿੱਚ ਇਕ ਚਿੱਟੇ ਰੰਗ ਦੀ ਬਰੇਜ਼ਾ ਕਾਰ ਜੋ ਕਿ ਮੁੱਖ ਜੀਟੀ ਰੋਡ ਤੋਂ ਬਾਜ਼ਾਰ ਵੱਲ ਨੂੰ ਆ ਰਹੀ ਸੀ ਅਤੇ ਰਸਤੇ ਵਿੱਚ ਇਕ ਕਾਲੇ ਰੰਗ ਦੀ ਕਰੇਟਾ ਕਾਰ ਉਸ ਦਾ ਇੰਤਜ਼ਾਰ ਕਰ ਰਹੀ ਸੀ। ਕਰੀਬ ਆਉਂਦਿਆਂ ਹੀ ਦੋਨਾਂ ਵਿਚਾਲੀ ਕਰਾਸ ਫਾਇਰਿੰਗ ਹੋ ਗਈ ਅਤੇ ਉਸ ਸਮੇਂ ਮੌਕੇ ਤੋਂ ਲੰਘ ਰਹੀ ਇੱਕ ਆਈ ਟਵੰਟੀ ਕਾਰ ਚਾਲਕ ਨੂੰ ਫਾਇਰਿੰਗ ਦੌਰਾਨ ਗੋਲੀ ਲੱਗ ਗਈ ਜਿਸਦਾ ਇਲਾਜ ਮੋਗਾ ਦੇ ਮੈਡੀਸਿਟੀ ਹਸਪਤਾਲ ’ਚ ਇਲਾਜ਼ ਚੱਲ ਰਿਹਾ ਹੈ। ਪੁਲੀਸ ਵੱਲੋਂ ਬਿਨਾਂ ਨੰਬਰੀ ਚਿੱਟੇ ਰੰਗ ਦੀ ਬਰੇਜ਼ਾ ਕਾਰ ਬਰਾਮਦ ਕਰ ਲਈ ਗਈ ਹੈ।ਕੈਪਸ਼ਨ: ਫਾਇਰਿੰਗ ਦੌਰਾਨ ਗੱਡੀ ’ਤੇ ਲੱਗੇ ਹੋਏ ਗੋਲੀਆਂ ਦੇ ਨਿਸ਼ਾਨ।