ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ) ਪਿੰਡ ਨੰਗਲਾ ਦੇ ਖੇਤਾਂ ਵਿੱਚ ਕੁਝ ਵਿਅਕਤੀਆਂ ਨੇ ਪਾਣੀ ਦੀ ਵਾਰੀ ਲਾ ਰਹੇ ਵਿਅਕਤੀਆਂ ’ਤੇ ਕ’ਤੇ ਗੋਲੀਆਂ ਚਲਾਉਣ ਨਾਲ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਤਲਵੰਡੀ ਸਾਬੋ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਬਾਰੇ ਜਾਂਚ ਅਧਿਕਾਰੀ ਫਰਵਿੰਦਰ ਸਿੰਘ ਨੇ ਦੱਸਿਆ ਕਿ ਨੰਗਲਾ ਦੇ ਜਸਵਿੰਦਰ ਸਿੰਘ ਤੇ ਬਲਵਿੰਦਰ ਸਿੰਘ (ਦੋਵੇਂ ਸਕੇ ਭਰਾ) ਪੁੱਤਰ ਸੁਰਜੀਤ ਸਿੰਘ, ਰੇਸਮ ਸਿੰਘ ਤੇ ਸੁਖਦੀਪ ਸਿੰਘ ਬੀਤੀ ਰਾਤ ਖੇਤ ਵਿੱਚ ਪਾਣੀ ਦੀ ਵਾਰੀ ਲਾ ਰਹੇ ਸਨ। ਉਸ ਸਮੇਂ ਕੁਝ ਲੋਕਾਂ ਨੇ ਇਨ੍ਹਾਂ ਵਿਅਕਤੀਆਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਫਾਇਰਿੰਗ ਦੌਰਾਨ ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਤੇ ਸੁਖਦੀਪ ਸਿੰਘ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਬਠਿੰਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਲੜਾਈ ਦਾ ਕਾਰਨ ਵੋਟਾਂ ਵੇਲੇ ਦੇ ਸਮੇਂ ਤੋਂ ਦੋਵਾਂ ਧਿਰਾਂ ਵਿੱਚ ਚੱਲੀ ਆ ਰਹੀ ਪੁਰਾਣੀ ਰੰਜ਼ਿਸ ਦੱਸੀ ਜਾਂਦੀ ਹੈ। ਜਿਸ ਤਫ਼ਤੀਸੀ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਧਿਰ ਦੇ ਬਿਆਨਾਂ ਦੇ ਆਧਾਰ ’ਤੇ ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਉਰਫ ਜਸ (ਦੋਵੇਂ ਸਕੇ ਭਰਾ) ਪੁੱਤਰ ਦਰਸ਼ਨ ਸਿੰਘ ਵਾਸੀ ਨੰਗਲਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਨੰਗਲਾ ਵਿੱਚ ਵੋਟਾਂ ਵੇਲੇ ਵੀ ਸਿਆਸੀ ਪਾਰਟੀਆਂ ਦੇ ਝੰਡਿਆਂ ਪਿੱਛੇ ਦੋ ਧਿਰਾਂ ਵਿਚਕਾਰ ਲੜਾਈ ਹੋਈ ਸੀ। ਜਿਸ ਵਿੱਚ ਦੋਵੇਂ ਧਿਰਾਂ ਦੇ ਕੁਝ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲੀਸ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।