ਜਸਵੰਤ ਜੱਸ
ਫ਼ਰੀਦਕੋਟ, 20 ਦਸੰਬਰ
ਇੱਥੇ ਫਰੀਦਕੋਟ-ਚਹਿਲ ਰੋਡ ’ਤੇ ਰਾਜਸਥਾਨ ਅਤੇ ਸਰਹਿੰਦ ਫੀਡਰ ਉੱਪਰ 14 ਕਰੋੜ ਦੀ ਲਾਗਤ ਨਾਲ ਬਣ ਰਹੇ ਪੁਲ ਦਾ ਕੰਮ ਕੇਂਦਰ ਸਰਕਾਰ ਦੀ ਲਾਪ੍ਰਵਾਹੀ ਕਾਰਨ ਵਿਚਾਲੇ ਲਟਕ ਗਿਆ ਹੈ ਜਿਸ ਦਾ ਖਮਿਆਜ਼ਾ ਫ਼ਰੀਦਕੋਟ ਸ਼ਹਿਰ ਅਤੇ ਆਸ ਪਾਸ ਦੇ ਚਾਰ ਦਰਜਨ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਪੁਲ ਦੇ ਬੰਦ ਹੋਣ ਕਾਰਨ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਨਹਿਰਾਂ ਉੱਪਰ ਬਣੇ ਸਦੀ ਪੁਰਾਣੇ ਪੁਲ ਦੇ ਨਕਾਰਾ ਹੋਣ ਕਾਰਨ ਮਈ 2017 ਵਿੱਚ ਇਹ ਪੁਲ ਬੰਦ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਇਹ ਪੁਲ 31 ਦਸੰਬਰ ਤੱਕ ਚਲਾਉਣ ਦਾ ਭਰੋਸਾ ਦਿੱਤਾ ਸੀ। ਹੁਣ ਵਿਭਾਗ ਨੇ ਇਸ ਨੂੰ 31 ਮਾਰਚ ਤੱਕ ਚਲਾਉਣ ਦਾ ਭਰੋਸਾ ਦਿੱਤਾ ਹੈ। ਸਰਹਿੰਦ ਫੀਡਰ ਉਪਰ 133 ਟਨ ਦਾ ਲੋਹੇ ਦਾ ਪੁਲ ਰੱਖ ਦਿੱਤਾ ਗਿਆ ਹੈ ਜਦੋਂ ਕਿ ਰਾਜਸਥਾਨ ਫੀਡਰ ਉੱਪਰ ਇਸ ਤੋਂ ਵੀ ਵੱਡਾ ਲੋਹੇ ਦਾ ਪੁਲ ਰੱਖਿਆ ਜਾਣਾ ਹੈ। 14 ਕਰੋੜ ਦੇ ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਨੇ ਅਜੇ ਸਿਰਫ 6 ਕਰੋੜ ਰੁਪਏ ਹੀ ਭੇਜੇ ਹਨ। ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਕੇਂਦਰੀ ਸੜਕ ਨਿਰਮਾਣ ਯੋਜਨਾ ਅਧੀਨ ਇਹ ਪ੍ਰਾਜੈਕਟ ਸ਼ੁਰੂ ਕੀਤਾ ਸੀ। ਇਹ ਪੁਲ ਗਣੇਸ਼ ਕਾਰਤਿਕ ਕੰਸਟਰੱਕਸ਼ਨਜ਼ ਵੱਲੋਂ ਉਸਾਰਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਫੰਡਾਂ ਨੂੰ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਹੈ ਅਤੇ ਜਲਦ ਹੀ ਲੋੜੀਂਦੇ ਫੰਡ ਮਿਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਪੁਲ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ 31 ਮਾਰਚ ਤੱਕ ਇਸ ਨੂੰ ਹਰ ਹਾਲਤ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਵਿਲੱਖਣ ਕਿਸਮ ਦੇ ਪੁਲ ਨੂੰ ਜਲਦ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਕਾਰਨ ਸੂਬੇ ਵਿੱਚ ਚੱਲ ਰਹੇ ਪ੍ਰਾਜੈਕਟਾਂ ਲਈ ਫੰਡ ਅਲਾਟ ਕਰਨ ਵਿੱਚ ਵੱਡਾ ਪੱਖਪਾਤ ਹੋ ਰਿਹਾ ਹੈ।