ਮੋਗਾ: ਮਾਲ ਵਿਭਾਗ ’ਚ ਪੈਰ ਪਸਾਰੀ ਬੈਠੀ ਕਥਿਤ ‘ਵੱਢੀ’ ਦੇ ਮੁੱਦੇ ਉੱਤੇ ਜ਼ਿਲ੍ਹਾ ਮਾਲ ਅਫ਼ਸਰ ਤੇ ਸੇਵਾਮੁਕਤ ਪਟਵਾਰੀ ਆਹਮੋ-ਸਾਹਮਣੇ ਹੋ ਗਏ ਹਨ। ਰਿਟਾਇਰਡ ਰੈਵੇਨਿਊ ਕਾਨੂੰਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਨੇ ਮਾਲ ਅਧਿਕਾਰੀ ਖ਼ਿਲਾਫ਼ ਸੰਘਰਸ਼ ਵਿੱਢ ਦਿੱਤਾ ਹੈ। ਜ਼ਿਲ੍ਹਾ ਸਕੱਤਰੇਤ ਅੱਗੇ ਧਰਨੇ ’ਚ ਅੰਮ੍ਰਿਤਸਰ, ਤਰਨ ਤਾਰਨ, ਜਲੰਧਰ, ਹੁਸ਼ਿਆਰਪੁਰ, ਫ਼ਤਹਿਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ ਜ਼ਿਲ੍ਹਿਆਂ ਤੋਂ ਸੇਵਾਮੁਕਤ ਪਟਵਾਰੀ, ਕਾਨੂੰਗੋ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਗਿੱਲ ਨੇ ਦੋਸ਼ ਲਗਾਇਆ ਕਿ ਸੇਵਾਮੁਕਤ ਸਾਥੀਆਂ ਤੋਂ ਸਰਕਾਰੀ ਕੰਮ ਬਦਲੇ ਲਈ ਕਥਿਤ ਵੱਢੀ ਸੰਘਰਸ਼ ਕਰ ਕੇ ਵਾਪਸ ਕਰਵਾਉਣ ਦੀ ਰੰਜ਼ਿਸ਼ ਤੋਂ ਖਫ਼ਾ ਇਸ ਅਧਿਕਾਰੀ ਨੇ ਸਾਬਕਾ ਫ਼ੌਜੀ ਸੇਵਾਮੁਕਤ ਪਟਵਾਰੀ ਜਸਵੰਤ ਸਿੰਘ ਨਾਲ ਗਾਲੀ-ਗਲੋਚ ਕਰ ਕੇ ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ। ਦੂਜੇ ਪਾਸੇ, ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਸੂਬਾਈ ਜਨਰਲ ਸਕੱਤਰ ਸੁਖਚਰਨ ਸਿੰਘ ਚੰਨੀ ਨੇ ਰਿਟਾਇਰਡ ਰੈਵੇਨਿਊ ਕਾਨੂੰਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਜ਼ਿਲ੍ਹਾ ਮਾਲ ਅਫ਼ਸਰ ਗੁਰਦੇਵ ਸਿੰਘ ਧੰਮ ਉੱਤੇ ਲਗਾਏ ਵੱਢੀ ਤੇ ਹੋਰ ਦੋਸ਼ਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੁਝ ਸੇਵਾਮੁਕਤ ਪਟਵਾਰੀ/ਕਾਨੂੰਗੋ ਆਪਣੀ ਨੌਕਰੀ ਦੌਰਾਨ ਜਨਤਾ ਨੂੰ ਕਥਿਤ ਲੁੱਟਦੇ ਰਹੇ ਹਨ। ਉਨ੍ਹਾਂ ਮਾਲ ਅਧਿਕਾਰੀਆਂ ਤੇ ਮਾਲ ਪਟਵਾਰ, ਕਾਨੂੰਗੋ ਯੂਨੀਅਨ ਨੂੰ ਅਜਿਹੇ ਅਨਸਰਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। -ਨਿੱਜੀ ਪੱਤਰ ਪ੍ਰੇਰਕ