ਜੋਗਿੰਦਰ ਮਾਨ
ਮਾਨਸਾ, 8 ਨਵੰਬਰ
ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਿਆਂਦੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਇੱਥੇ ਦੇ ਸੂਬਾਈ ਕਮੇਟੀ ਮੈਂਬਰ ਸੂਰਜ ਛਾਬੜਾ ਦੇ ਘਰ ਅੱਗੇ ਦੂਜੇ ਦਿਨ ਧਰਨਾ ਦੇ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਤੋਂ ਪਹਿਲਾਂ ਪੁਲੀਸ ਨੇ ਧਰਨਾਕਾਰੀਆਂ ਨੂੰ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਪੁਲੀਸ ਦੇ ਲਾਏ ਬੈਰੀਕੇਡ ਤੋੜ ਦਿੱਤੇ ਅਤੇ ਅੱਗੇ ਵਧਣ ਵਿੱਚ ਕਾਮਯਾਬ ਹੋ ਗਏ। ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਲੋਕਾਂ ਦਾ ਕੋਈ ਫ਼ਿਕਰ ਨਹੀਂ, ਉਨ੍ਹਾਂ ਨੂੰ ਤਾਂ ਸਿਰਫ਼ ਕਾਰਪੋਰੇਟ ਘਰਾਣਿਆਂ ਦੇ ਅੰਨੇ ਮੁਨਾਫ਼ਿਆਂ ਵਿੱਚ ਰੁਕਾਵਟ ਆਉਣ ਦਾ ਫ਼ਿਕਰ ਸਤਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਬਦਲਾ ਲਊ ਭਾਵਨਾ ਤਹਿਤ ਇਹੀ ਰਵੱਈਆ ਜਾਰੀ ਰੱਖਿਆ ਤਾਂ ਪੰਜਾਬ ਦੇ ਸੰਘਰਸ਼ਸ਼ੀਲ ਲੋਕ ਵਧ ਰਹੇ ਰੋਹ ਦਾ ਸਾਹਮਣਾ ਕਰਕੇ ਕੇਂਦਰ ਖਿਲਾਫ਼ ਸਿੱਧੀ ਲੜਾਈ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲੀਸ ਬੈਰੀਕੇਡ ਲਗਾਕੇ ਧਰਨੇ ਰੋਕੀ ਲਾਈ ਜਾਵੇ, ਪਰ ਜਥੇਬੰਦੀ ਭਾਜਪਾ ਨੇਤਾਵਾਂ ਦੇ ਘਰਾਂ ਅੱਗੇ ਧਰਨਿਆਂ ਦਾ ਪ੍ਰੋਗਰਾਮ ਜਾਰੀ ਰੱਖੇਗੀ। ਇਸ ਮੌਕੇ ਮਹਿੰਦਰ ਸਿੰਘ ਰੁਮਣਾ, ਚਰਨਜੀਤ ਕੌਰ ਖੀਵਾ, ਗੁਰਦੇਵ ਕੌਰ ਭੈਣੀਬਾਘਾ, ਭਾਨ ਸਿੰਘ ਬਰਨਾਲਾ, ਜਗਸੀਰ ਸਿੰਘ ਜਵਾਹਰਕੇ ਤੇ ਸਾਧੂ ਸਿੰਘ ਅਲੀਸ਼ੇਰ ਨੇ ਵੀ ਸੰਬੋਧਨ ਕੀਤਾ।