ਪੱਤਰ ਪ੍ਰੇਰਕ
ਜ਼ੀਰਾ, 12 ਅਪਰੈਲ
ਸਮਾਜ ਭਲਾਈ ਸੰਸਥਾ ਹੋਪ ਫਾਊਂਡੇਸ਼ਨ ਅਤੇ ਐੱਨ.ਜੀ.ਓ ਜ਼ੀਰਾ ਵੈੱਲਫੇਅਰ ਕਲੱਬ ਵੱਲੋਂ ਦਿੱਲੀ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਨਵਰੀਤ ਸਿੰਘ ਹੁੰਦਲ ਦੀ ਯਾਦ ਵਿੱਚ ਪਹਿਲਾ ਖੂਨਦਾਨ ਕੈਂਪ ਜਨ ਕਲਿਆਣ ਭਵਨ (ਸ੍ਰੀ ਕ੍ਰਿਸ਼ਨਾ ਮੰਦਿਰ) ਜ਼ੀਰਾ ਵਿੱਚ ਲਗਾਇਆ ਗਿਆ, ਜਿਸ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕੀਤਾ। ਇਸ ਕੈਂਪ ਦੌਰਾਨ 160 ਦੇ ਕਰੀਬ ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਟੀਮ ਵੱਲੋਂ ਖੂਨ ਇਕੱਠਾ ਕੀਤਾ ਗਿਆ। ਖੂਨਦਾਨ ਕਰਨ ਵਾਲੇ ਲੋਕਾਂ ਨੂੰ ਸਮਾਜ ਭਲਾਈ ਸੰਸਥਾਵਾਂ ਵੱਲੋਂ ਦੁੱਧ, ਕੇਲੇ, ਪਨੀਰ ਅਤੇ ਫਲਾਂ ਦੇ ਜੂਸ ਆਦਿ ਦੀ ਰਿਫਰੈਸ਼ਮੈਂਟ ਦਿੱਤੀ ਗਈ, ਸਰਟੀਫਿਕੇਟ ਅਤੇ ਮੈਡਲ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਡਾ. ਰਛਪਾਲ ਸਿੰਘ ਗਿੱਲ, ਉੱਪ ਪ੍ਰਧਾਨ ਹਰੀਸ਼ ਤਾਂਗਰਾ, ਕੌਂਸਲਰ ਸ੍ਰੀਮਤੀ ਸਰਬਜੀਤ ਕੌਰ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਕੌਂਸਲਰ ਗੁਰਭਗਤ ਸਿੰਘ ਗੋਰਾ ਗਿੱਲ, ਕਿਰਪਾਲ ਸਿੰਘ ਸੈਕਟਰੀ, ਕੌਂਸਲਰ ਭੁਪਿੰਦਰ ਸਿੰਘ ਮਨੀ, ਸਰਪੰਚ ਦਲਜੀਤ ਸਿੰਘ ਬੂਲੇ,ਐਡਵੋਕੇਟ ਤਰੁਣ ਝੱਟਾ ਆਦਿ ਹਾਜ਼ਰ ਸਨ।
ਹੌਲਦਾਰ ਮਿੱਠਾ ਸਿੰਘ ਦੀ ਬਰਸੀ ਮੌਕੇ ਖੂਨਦਾਨ ਕੈਂਪ
ਮਾਨਸਾ(ਪੱਤਰ ਪ੍ਰੇਰਕ): ਨਿਰਵੈਰ ਕਲੱਬ ਮਾਨਸਾ ਤੇ ਸ਼ਹੀਦ ਹੌਲਦਾਰ ਦੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਸਥਾਨਕ ਠੂਠਿਆਂਵਾਲੀ ਰੋਡ, ਵਾਰਡ ਨੰਬਰ-1 ਵਿੱਚ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ 30 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ।ਕੱਲਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ 2 ਅਪਰੈਲ 2011 ਅਸਾਮ ਵਿੱਚ ਇਕ ਅੱਤਵਾਦੀ ਹਮਲੇ ਵਿੱਚ ਭਾਰਤ ਮਾਂ ਦਾ ਸਪੂਤ ਹੌਲਦਾਰ ਮਿੱਠਾ ਸਿੰਘ ਵੀਰਗਤੀ ਪ੍ਰਾਪਤ ਕਰ ਗਿਆ ਸੀ।ਉਨ੍ਹਾਂ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ 30 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕਰਕੇ ਸ਼ਹੀਦ ਹੌਲਦਾਰ ਨੂੰ ਸ਼ਰਧਾਂਜਲੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਇਸ ਮੌਕੇ ’ਤੇ ਪੁੱਜੇ ਹਲਕਾ ਮੌੜ ਕਾਂਗਰਸ ਦੇ ਇੰਚਾਰਜ ਡਾ.ਮਨੋਜ ਬਾਲਾ ਨੇ ਉਕਤ ਕੈਂਪ ਦੀ ਪ੍ਰਸੰਸਾ ਕੀਤੀ ਤੇ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।