ਪਰਮਜੀਤ ਸਿੰਘ
ਫਾਜ਼ਿਲਕਾ, 6 ਨਵੰਬਰ
ਬਲਾਕ ਸਮਿਤੀ ਫਾਜ਼ਿਲਕਾ ਦੀ ਚੇਅਰਪਰਸਨ ਬੀਬੀ ਬਾਗੋ ਬਾਈ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਦੋਵੇਂ ਧਿਰਾਂ ’ਚ ਬਲਾਕ ਸਮਿਤੀ ਦੇ ਕੋਰਮ ਨੂੰ ਲੈ ਕੇ ਰੇੜਕਾ ਚੱਲਿਆ ਆ ਰਿਹਾ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਭੇਜੀ ਲਿਖਤੀ ਅਸਤੀਫ਼ੇ ਦੀ ਕਾਪੀ ਦਿਖਾਉਂਦਿਆਂ ਬਾਗੋ ਬਾਈ ਅਤੇ ਉਸ ਦੇ ਪਤੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਾਂਗਰਸੀ ਹੋਣ ਦੇ ਬਾਵਜੂਦ ਇੱਕ ਵੀ ਨਹੀਂ ਸੁਣੀ ਜਾ ਰਹੀ ਅਤੇ ਬਲਾਕ ਸਮਿਤੀ ਅਧੀਨ ਆਉਂਦੀਆਂ ਗਰਾਂਟਾਂ ਦੀ ਵੰਡ ’ਚ ਵੀ ਉਨ੍ਹਾਂ ਨੂੰ ਅੱਖੋਂ ਪਰੋਖੇ ਕਰਕੇ ਵਿਧਾਇਕ ਵੱਲੋਂ ਸਿਰਫ਼ ਆਪਣੇ ਚਹੇਤਿਆਂ ਨੂੰ ਹੀ ਵੰਡੀ ਜਾਂਦੀ ਰਹੀ। ਉਨ੍ਹਾਂ ਕਿਹਾ ਕਿ ਥਾਣੇ, ਸਰਕਾਰੇ-ਦਰਬਾਰੇ ਅਤੇ ਦਫ਼ਤਰਾਂ ਵਿੱਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋੋਈ, ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚੇਅਰਪਰਸਨ ਦੇ ਪਤੀ ਗੁਰਦਿਆਲ ਸਿੰਘ ਨੇ ਉਹ ਪਿਛਲੇ ਤੀਹ ਸਾਲਾਂ ਤੋਂ ਕਾਂਗਰਸ ਪਾਰਟੀ ਦੇ ਸਿਪਾਹੀ ਹਨ ਪਰ ਸਿਆਸੀ ਸ਼ਹਿ ’ਤੇ ਉਨ੍ਹਾਂ ਦੇ ਇਕੱਲੇ ਪਿੰਡ ਵਿੱਚ ਕਥਿਤ ਤਿੰਨ ਪਰਿਵਾਰਾਂ ਖ਼ਿਲਾਫ਼ ਬਲਾਤਕਾਰ ਦੇ ਨਾਜਾਇਜ਼ ਮੁਕੱਦਮੇ ਦਰਜ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ‘ਚ ਪੰਦਰਵੇਂ ਵਿੱਤ ਕਮਿਸ਼ਨ ਤਹਿਤ ਇਕ ਕਰੋੜ ਚੌਂਤੀ ਲੱਖ ਰੁਪਏ ਗ੍ਰਾਂਟ ਆਈ ਸੀ ਪਰ ਵਿਧਾਇਕ ਵੱਲੋਂ ਅਜੇ ਤਕ ਵੰਡੀ ਨਹੀਂ ਗਈ।
ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਰਹੱਦੀ ਹਲਕੇ ਫ਼ਾਜ਼ਿਲਕਾ ਦੇ ਪੰਜਾਹ ਤੋਂ ਵੱਧ ਕਾਂਗਰਸੀ ਸਰਪੰਚ ਵਿਧਾਇਕ ਘੁਬਾਇਆ ਨਾਲੋਂ ਤੁਰੰਤ ਨਾਤਾ ਤੋੜ ਲੈਣਗੇ। ਅੱਜ ਜ਼ਿਲ੍ਹਾ ਪਰਿਸ਼ਦ ਮੈਂਬਰ ਕੁਸ਼ੱਲਿਆ ਦੇਵੀ ਅਤੇ ਬਲਾਕ ਸਮਿਤੀ ਮੈਂਬਰ ਗੁਰਨਾਮ ਸਿੰਘ ਵੱਲੋਂ ਵੀ ਅਸਤੀਫ਼ਾ ਦਿੱਤਾ ਗਿਆ। ਕੁਸ਼ੱਲਿਆ ਦੇਵੀ ਦੇ ਪਤੀ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਤੇ ਵਿਧਾਇਕ ਦਵਿੰਦਰ ਘੁਬਾਇਆ ਵੱਲੋਂ ਕਥਿਤ ਕਾਫੀ ਤੰਗ ਪ੍ਰੇਸ਼ਾਨ ਕਰ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇੰਨਾ ਕਥਿਤ ਤੰਗ ਪ੍ਰੇਸ਼ਾਨ ਤਾਂ ਪਿਛਲੇ ਸਰਕਾਰ ਦੇ ਸਮੇਂ ਵੀ ਨਹੀਂ ਕੀਤਾ ਜਾਂਦਾ ਜਿੰਨਾ ਹੁਣ ਕੀਤਾ ਜਾ ਰਿਹਾ ਹੈ। ਉਨ੍ਹਾਂ ਗਰਾਂਟਾਂ ਵਿੱਚ ਕਮਿਸ਼ਨ ਲੈਣ ਦੇ ਦੋਸ਼ ਲਾਏ। ਅਸਤੀਫ਼ਾ ਦੇਣ ਵਾਲੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਨ ਦੁਬਾਰਾ ਦਵਿੰਦਰ ਘੁਬਾਇਆ ਨੂੰ ਟਿਕਟ ਦਿੰਦੀ ਹੈ ਤਾਂ ਉਹ ਉਨ੍ਹਾਂ ਦੇ ਨਾਲ ਨਹੀਂ ਤੁਰਨਗੇ।
ਹਰ ਵਾਰ ਪੱਖ ਦੇਣ ਤੋਂ ਟਾਲਾ ਵੱਟ ਜਾਂਦੇ ਹਨ ਵਿਧਾਇਕ ਘੁਬਾਇਆ
ਇਸ ਸਬੰਧੀ ਜਦੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਪੱਖ ਜਾਨਣ ਲਈ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਕਵਰੇਜ ਤੋਂ ਬਾਹਰ ਸੀ ਪਰ ਜਦੋਂ ਦੇਰ ਸ਼ਾਮ ਉਨ੍ਹਾਂ ਨਾਲ ਮੁੜ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਫੋਨ ਦੀ ਘੰਟੀ ਤਾਂ ਵੱਜਦੀ ਰਹੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਦੱਸ ਦਈਏ ਕਿ ਕਈ ਵਾਰ ਦਵਿੰਦਰ ਘੁਬਾਇਆ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਹਰ ਵਾਰ ਪੱਖ ਦੇਣ ਤੋਂ ਟਾਲਾ ਵੱਟ ਜਾਂਦੇ ਹਨ। ਉਨ੍ਹਾਂ ਦੇ ਪੀਏ ਰਾਜ ਸਿੰਘ ਨੇ ਦੱਸਿਆ ਕਿ ਚੇਅਰਪਰਸਨ ਬਾਗੋ ਬਾਈ ਪਿਛਲੇ ਛੇ ਮਹੀਨਿਆਂ ਤੋਂ ਕਾਂਗਰਸੀ ਨਹੀਂ ਹਨ ਪਰ ਉਨ੍ਹਾਂ ਇਹ ਮੰਨਿਆ ਕਿ ਉਹ ਅੱਜ ਵੀ ਆਪਣੇ ਅਹੁਦੇ ’ਤੇ ਚੇਅਰਪਰਸਨ ਵਜੋਂ ਬਿਰਾਜਮਾਨ ਸਨ।