ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ‘ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ’ ਲਈ ਮੇਲਾ ਮਾਘੀ ਮੌਕੇ ਅਕਾਲੀ ਦਲ ਕਾਨਫਰੰਸ ਮੈਦਾਨ ਵਿੱਚ ਕੀਤੀ ਪਲੇਠੀ ਕਾਨਫਰੰਸ ਵਿੱਚ ਕਿਸਾਨਾਂ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਗੁੱਝੇ ਭੇਤਾਂ ਤੇ ਦਿੱਲੀ ਅੰਦੋਲਨ ਦੇ ਸੰਘਰਸ਼ ਦੀ ਰਣਨੀਤੀ ਤੋਂ ਜਾਣੂ ਕਰਾਉਂਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦਿੱਲੀ ਅੰਦੋਲਨ ਸਿਰਫ ਜਿੱਤਣ ਲਈ ਕੀਤਾ ਜਾ ਰਿਹਾ ਹੈ, ਇਸ ਲਈ ਤਿੰਨ ਕਾਨੂੰਨ ਵਾਪਸ ਕਰਵਾਏ ਜਾਣ ਤੋਂ ਬਿਨਾਂ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਨਿੱਜੀਕਰਨ ਨੇ ਬਿਜਲੀ, ਰੋਡਵੇਜ਼, ਸਰਕਾਰੀ ਹਸਪਤਾਲ ਤੇ ਸਰਕਾਰੀ ਸਕੂਲਾਂ ਨੂੰ ਹੜੱਪਿਆ ਹੈ, ਉਸੇ ਤਰ੍ਹਾਂ ਤਿੰਨ ਖੇਤੀ ਕਾਨੂੰਨ ਜ਼ਮੀਨਾਂ ਨੂੰ ਹੜੱਪ ਲੈਣਗੇ। ਉਨ੍ਹਾਂ ਕਿਹਾ ਕਿ ਖੁਦ ਕੇਂਦਰੀ ਮੰਤਰੀ ਤੋਮਰ ਨੇ ਮੰਨਿਆ ਕਿ ਕਾਨੂੰਨਾਂ ਵਿੱਚ ਨੌਂ ਗਲਤੀਆਂ ਹਨ ਪਰ ਹੁਣ ਸਰਕਾਰ ਆਪਣੀ ਹਾਊਮੈ ਖਾਤਰ ਇਹ ਕਾਨੂੰਨ ਵਾਪਸ ਲੈਣ ਤੋਂ ਇਨਕਾਰ ਕਰ ਰਹੀ ਹੈ। ਜੇ ਇਹ ਕਾਨੂੰਨ ਲਾਗੂ ਹੁੰਦੇ ਹਨ ਤਾਂ ਪਹਿਲਾਂ ਜ਼ਮੀਨਾਂ, ਫਿਰ ਕਿਸਾਨ, ਫਿਰ ਆੜ੍ਹਤੀ ਤੇ ਫਿਰ ਐਫ.ਸੀ.ਆਈ. ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ 6 ਮਹੀਨਿਆਂ ’ਚ ਮੱਧ ਪ੍ਰਦੇਸ਼ ’ਚ 47 ਮੰਡੀਆਂ ਖਤਮ ਹੋਈਆਂ ਹਨ ਤੇ 90 ਵਪਾਰੀ ਕਿਸਾਨਾਂ ਦੇ ਪੈਸੇ ਲੈ ਕੇ ਭੱਜੇ ਹਨ ਜਿਨ੍ਹਾਂ ’ਚੋਂ ਸਿਰਫ ਤਿੰਨ ਕਿਸਾਨਾਂ ਨੂੰ ਹੀ ਇਨਸਾਫ ਮਿਲਿਆ ਹੈ।
ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ 26 ਜਨਵਰੀ ਨੂੰ ਉਹ ਦਿੱਲੀ ਪੁੱਜਣ ਤੇ ਨਾਲ ਹੀ ਪੰਜਾਬ ਦੇ ਹਰ ਜ਼ਿਲ੍ਹਾ ਸਦਰ ਮੁਕਾਮਾਂ ਉਪਰ ਸਰਕਾਰੀ ਗਣਤੰਤਰ ਸਮਾਗਮਾਂ ਦੇ ਨਾਲ ਹੀ ਟਰੈਕਟਰ ਪਰੇਡ ਕਰਕੇ ਆਪਣਾ ਰੋਸ ਜਾਹਿਰ ਕਰਨ। ਇਸ ਮੌਕੇ ਕਾਕਾ ਸਿੰਘ ਕੋਟੜਾ, ਬੋਹੜ ਸਿੰਘ ਰੁਪਈਆਂ ਵਾਲਾ, ਪ੍ਰਗਟ ਸਿੰਘ ਫਾਜ਼ਿਲਕਾ, ਨਛੱਤਰ ਸਿੰਘ ਫਰੀਦਕੋਟ, ਨਿਰਮਲ ਸਿੰਘ ਜੱਸੇਆਣਾ, ਕਰਨ ਸਿੰਘ ਭੁੱਟੀਵਾਲਾ, ਗਿਆਨ ਸਿੰਘ ਢਿੱਲੋਂ ਭੁੱਟੀਵਾਲਾ ਤੇ ਮੈਨੇਜਰ ਦਰਸ਼ਨ ਸਿੰਘ ਬਰਾੜ ਵੀ ਹਾਜ਼ਰ ਸਨ।