ਪੱਤਰ ਪ੍ਰੇਰਕ
ਚਾਉਕੇ, 19 ਅਗਸਤ
ਸ੍ਰੀ ਗੁਰੂ ਤੇਗ਼ ਬਹਾਦਰ ਗਰੁੱਪ ਆਫ਼ ਇੰਸਟੀਚਿਊਟਸ ਬੱਲ੍ਹੋ ਵਿੱਚ ਭਗਵਾਨ ਕ੍ਰਿਸ਼ਨ ਦੇ ਦਿਹਾੜੇ ਨੂੰ ਸਮਰਪਿਤ ਜਨਮ ਅਸ਼ਟਮੀ ਦਾ ਤਿਉਹਾਰ ਸੰਸਥਾ ਦੇ ਚੇਅਰਮੈਨ ਡਾ. ਮੁਕੇਸ਼ ਸਿੰਗਲਾ ਮੈਨੇਜਿੰਗ ਡਾਇਰੈਕਟਰ ਯੁਵਰਾਜ ਗਰਗ, ਜਰਨਲ ਸਕੱਤਰ ਇੰਜ. ਹਿਤੇਸ਼ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ (ਇੰਚਾਰਜ) ਪੱਲਵੀ ਦੀ ਅਗਵਾਈ ਹੇਠ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਇਸ ਮੌਕੇ ਸ੍ਰੀ ਕ੍ਰਿਸ਼ਨ ਦੇ ਪਹਿਰਾਵੇ ਵਿੱਚ ਸਜੇ ਬੱਚਿਆਂ ਨੇ ਧਾਰਮਿਕ ਕੋਰੀਉਗ੍ਰਾਫੀ ਪੇਸ਼ ਕੀਤੀਆਂ। ਕਾਲਜ ਪ੍ਰਿੰਸੀਪਲ ਡਾ. ਬਲਜੀਤ ਕੌਰ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਸਿਲਵਰ ਓਕਸ ਸਕੂਲ ਭੁੱਚੋ ਵਿੱਚ ਭਗਵਾਨ ਕ੍ਰਿਸ਼ਨ ਦੇ ਜੀਵਨ ਇਤਿਹਾਸ ਨੂੰ ਦਰਸਾਉਂਦੀਆਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ‘ਝੂਲਾ ਸਮਾਰੋਹ’, ‘ਦਹੀ ਹਾਂਡੀ’ ਸਮਾਗਮ ਅਤੇ ‘ਤੇਰੀ ਮੁਰਲੀ ਕੀ ਧੁਨ’ ’ਤੇ ਰਾਧਾ ਕ੍ਰਿਸ਼ਨ ਦਾ ਨਾਚ ਮੁੱਖ ਆਕਰਸ਼ਣ ਰਹੇ। ਪ੍ਰਿੰਸੀਪਲ ਛਾਇਆ ਵਿਨੋਚਾ ਨੇ ਵਿਦਿਆਰਥੀਆਂ ਨੂੰ ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਆ।
ਸ਼ਹਿਣਾ (ਪੱਤਰ ਪ੍ਰੇਰਕ): ਸ੍ਰੀ ਗੀਤਾ ਭਵਨ ਸ਼ਹਿਣਾ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਮੰਦਿਰ ਨੂੰ ਉਚੇਚੇ ਤੌਰ ’ਤੇ ਸਜਾਇਆ ਗਿਆ। ਇਸ ਮੌਕੇ ਸ੍ਰੀ ਕ੍ਰਿਸ਼ਨ ਨਾਲ ਸਬੰਧਤ ਝਾਕੀਆਂ ਕੱਢੀਆਂ ਗਈਆਂ। ਇਸ ਤਰ੍ਹਾਂ ਨੇੜਲੇ ਪਿੰਡ ਉਗੋਕੇ, ਚੀਮਾ, ਜੋਧਪੁਰ ਤੇ ਬੱਲੋਕੇ ਵਿੱਚ ਵੀ ਜਨਮ ਅਸ਼ਟਮੀ ਮਨਾਈ।
ਸਮਾਲਸਰ (ਪੱਤਰ ਪ੍ਰੇਰਕ): ਯੂਨੀਕ ਸਕੂਲ ਆਫ ਸਟੱਡੀਜ਼ ਸਮਾਲਸਰ ਵਿੱਚ ਪ੍ਰਿੰਸੀਪਲ ਭੂਪੇਸ਼ ਸ਼ਰਮਾ ਦੀ ਅਗਵਾਈ ਹੇਠ ਜਨਮ ਅਸ਼ਟਮੀ ਮਨਾਈ ਗਈ, ਜਿਸ ਵਿੱਚ ਨਰਸਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਹੰਡਿਆਇਆ (ਪੱਤਰ ਪ੍ਰੇਰਕ): ਸਥਾਨਕ ਇਲਾਕੇ ਅੰਦਰ ਵੱਖ ਵੱਖ ਮੰਦਰਾਂ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਸ੍ਰੀ ਸਾਈਂ ਮੰਦਿਰ, ਮੰਦਿਰ ਮੂਰਤੀਆਂ ਵਾਲਾ, ਮੰਦਿਰ ਕੋਟੀਆਂ ਵਾਲਾ, ਸ੍ਰੀ ਠਾਕੁਰ ਦੁਆਰ, ਸ੍ਰੀ ਰਾਮ ਮੰਦਰ, ਬਾਬਾ ਸਭਾ ਰਾਜਾ ਜੀ ਦੀ ਸਮਾਧ ਤੇ ਸ੍ਰੀ ਲਛਮੀ ਨਾਰਾਇਣ ਮੰਦਿਰ (ਰਜ਼ੀ ਦਾ ਤਲਾਅ) ਵਿੱਚ ਧਾਰਮਿਕ ਸਮਾਗਮ ਕਰਵਾਏ ਗਏ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਗਰੀਨ ਵੈਲੀ ਕਾਨਵੇਂਟ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ਦੌਰਾਨ ਡਾਂਸ, ਗੀਤ ਤੇ ਮੱਖਣ ਖਾਣ ਮਟਕੀ ਭੰਨਣ ਦੀਆਂ ਪੇਸ਼ਕਾਰੀਆਂ ਕੀਤੀਆਂ। ਇਸ ਮੌਕੇ ਚੇਅਰਮੈਨ ਜਤਿੰਦਰ ਗਰਗ, ਪ੍ਰਿੰਸੀਪਲ ਇੰਦੂ ਅਰੋੜਾ, ਅਨੀਤਾ ਗਰਗ ਨੇ ਸੰਬੋਧਨ ਕੀਤਾ।
ਮਾਨਸਾ ਵਿੱਚ ਸ਼ੋਭਾ ਯਾਤਰਾ ਕੱਢੀ
ਮਾਨਸਾ (ਪੱਤਰ ਪ੍ਰੇਰਕ): ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਸ਼ੋਭਾ ਯਾਤਰਾ ਕੱਢੀ ਗਈ, ਜੋ ਕਿ ਲਕਸ਼ਮੀ ਨਰਾਇਣ ਮੰਦਰ ਤੋਂ ਸ਼ੁਰੂ ਹੋਈ। ਇਸ ਮੌਕੇ ਜੋਤੀ ਪ੍ਰਚੰਡ ਦੀ ਰਸਮ ਸਨਾਤਨ ਧਰਮ ਸਭਾ ਦੇ ਸਾਬਕਾ ਪ੍ਰਧਾਨ ਵਿਨੋਦ ਭੰਮਾ, ਨਾਰੀਅਲ ਦੀ ਰਸਮ ਤਰਸੇਮ ਜਗੇ ਵਾਲਾ ਅਤੇ ਸ਼ੋਭਾ ਯਾਤਰਾ ਦੀ ਰਵਾਨਗੀ ਵਿਧਾਇਕ ਡਾ. ਵਿਜੈ ਸਿੰਗਲਾ, ਡਾ. ਜਨਕ ਰਾਜ ਤੇ ਝੰਡੀ ਦੇਣ ਦੀ ਰਸਮ ਡਾ. ਮਾਨਵ ਜਿੰਦਲ ਨੇ ਦੱਸਿਆ ਕਿ ਸਿਰਸਾ ਤੋਂ ਵਿਸ਼ੇਸ ਤੌਰ ’ਤੇ ਪਹੁੰਚੇ ਬੈਂਡ ਪਾਰਟੀ ਤੇ ਭੰਗੜਾ ਪਾਰਟੀ ਨੇ ਆਪਣੇ ਕਰਤੱਬ ਦਿਖਾਏ। ਇਹ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੀ ਪ੍ਰੀਕਿਰਮਾ ਕਰਦੀ ਹੋਈ ਵਾਪਸ ਮੰਦਿਰ ਪਹੁੰਚੀ।
ਸ਼ਿਵ ਮੰਦਿਰ ਕਮੇਟੀ ਨੇ ਪ੍ਰਭਾਤ ਫੇਰੀ ਕੱਢੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਪ੍ਰਜਾਪਿਤਾ ਬ੍ਰਹਮਕੁਮਾਰੀਜ਼ ਈਸ਼ਵਰਯ ਵਿਸ਼ਵ ਵਿਦਿਆਲਿਆ ਭੁੱਚੋ ਮੰਡੀ, ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਤੇ ਕਿੰਡਰ ਗਾਰਟਨ ਵਿੰਗ ਭੁੱਚੋ ਖੁਰਦ ਅਤੇ ਲਿਟਲ ਕਿਡਜ਼ ਪਲੇਅ ਵੇਅ ਭੁੱਚੋ ਮੰਡੀ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ ਗਈ। ਇਸ ਰਾਧਾ ਅਤੇ ਕ੍ਰਿਸ਼ਨ ਦੇ ਪਹਿਰਾਵੇ ਵਿੱਚ ਸਜੇ ਬੱਚਿਆਂ ਨੇ ਸੁੰਦਰ ਝਾਕੀਆਂ ਪੇਸ਼ ਕੀਤੀਆਂ। ਬ੍ਰਹਮਕੁਮਾਰੀ ਅਨੁ ਦੀਦੀ ਅਤੇ ਮਮਤਾ ਦੀਦੀ ਨੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ ਅਤੇ ਪੰਚਾਇਤੀ ਸ਼ਿਵ ਮੰਦਰ ਕਮੇਟੀ ਨੇ ਸ਼ਹਿਰ ਵਿੱਚ ਪ੍ਰਭਾਤ ਫੇਰੀ ਕੱਢੀ ਅਤੇ ਭਜਨ ਗਾਏ।
ਮੰਦਿਰਾਂ ਵਿੱਚ ਨਤਮਸਤਕ ਹੋਏ ਸ਼ਰਧਾਲੂ
ਬਠਿੰਡਾ (ਪੱਤਰ ਪ੍ਰੇਰਕ): ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿੱਚ ਨਤਮਸਤਕ ਹੋਣ ਲਈ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਬਠਿੰਡਾ ਦੇ ਮਸ਼ਹੂਰ ਮੰਦਰ ਸ੍ਰੀ ਚੈਤੰਨਿਆ ਗੌੜੀਆ ਮੱਠ ਦੇ ਪ੍ਰਬੰਧਕਾਂ ਨੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ। ਇੱਥੋਂ ਦੇ ਪ੍ਰਮੁੱਖ ਮੰਦਰ ਸਨਾਤਨ ਧਰਮ ਮੰਦਰ ਗਣਪਤੀ ਇਨਕਲੇਵ ਮੰਦਰ ਸਮੇਤ ਹੋਰ ਮੰਦਿਰਾਂ ਵਿੱਚ ਦਿਨ ਭਰ ਸਮਾਗਮ ਚੱਲਦੇ ਰਹੇ। ਬਠਿੰਡਾ ਦੇ ਐੱਸਐੱਸਪੀ ਜੇ ਏਲੀਚੇਲੀਅਨ ਨੇ ਸ਼ਹਿਰ ਦੇ ਮੰਦਰਾਂ ਦਾ ਦੌਰਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਟਮੀ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਰਧਾਲੂ ਦੇਰ ਰਾਤ ਤੱਕ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ।