ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ
ਬਿਜਲੀ ਬਿੱਲਾਂ ਅਤੇ ਬਿਜਲੀ ਦੇ ਕੱਟੇ ਗਏ ਕੁਨੈਕਸ਼ਨਾਂ ਸਬੰਧੀ ਪਾਵਰਕੌਮ ਦੇ ਮੁਖੀ ਵੱਲੋਂ ਜਾਰੀ ਕੀਤੇ ਹੁਕਮਾਂ ਨੂੰ ਪਾਵਰਕੌਮ ਦੇ ਹੀ ਅਧਿਕਾਰੀ ਮੰਨਣ ਤੋਂ ਇਨਕਾਰੀ ਹੋ ਗਏ ਹਨ। ਜਿਸ ਕਰਕੇ ਸਾਂਝਾ ਮਜ਼ਦੂਰ ਮੋਰਚੇ ਨਾਲ ਸਬੰਧਤ ਖੇਤ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐੱਸਈ ਦਫ਼ਤਰ ਮੂਹਰੇ ਰੋਸ ਜ਼ਾਹਿਰ ਕਰਨ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਤੇ ਜਸਵਿੰਦਰ ਸਿੰਘ ਸੰਗੂਧੋਣ ਸਣੇ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤ ਮਜ਼ਦੂਰਾਂ ਦੇ ਬਿਜਲੀ ਬਿੱਲ ਮੁਆਫ ਕਰਨ ਅਤੇ ਬਿੱਲ ਨਾ ਭਰਨ ਕਰਕੇ ਕੱਟੇ ਗਏ ਕੁਨੈਕਸ਼ਨ ਜੋੜਨ ਸਬੰਧੀ ਕੀਤਾ ਵਾਅਦਾ ਪੂਰਾ ਨਾ ਕਰਨ ’ਤੇ ਪੰਜਾਬ ਭਰ ਦੇ ਮਜ਼ਦੂਰਾਂ ਵੱੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ’ਤੇ ਪਾਵਰਕੌਮ ਦੇ ਮੁੱਖ ਇੰਜਨੀਅਰ ਨੇ ਸਾਂਝਾ ਮਜ਼ਦੂਰ ਮੋਰਚਾ ਨੂੰ 13 ਸਤੰਬਰ ਨੂੰ ਪੱਤਰ ਜਾਰੀ ਕਰਕੇ ਦੱਸਿਆ ਸੀ ਕਿ ਪੇਡੂ ਅਤੇ ਖੇਤ ਮਜ਼ਦੂਰਾਂ ਦੇ ਕੱਟੇ ਕੁਨੈਕਸ਼ਨ ਤੁਰੰਤ ਜੋੜ ਦਿੱਤੇ ਜਾਣਗੇ ਅਤੇ ਬਿੱਲਾਂ ਦੀ ਬਕਾਇਆ ਰਕਮ ਸਬੰਧੀ ਸਟੇਟ ਪਾਲਿਸੀ ਬਣਾਈ ਜਾਵੇਗੀ। ਪਰ ਹੁਣ ਪਾਵਰਕੌਮ ਦੇ ਸਥਾਨਕ ਅਧਿਾਰੀਆਂ ਵੱਲੋ ਕੱਟੇ ਕੁਨੈਕਸ਼ਨ ਜੋੜਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਮਜ਼ਦੂਰ ਆਗੂਆਂ ਨੇ ਰੋਸ ਜ਼ਾਹਿਰ ਕੀਤਾ ਕਿ ਪਾਵਰਕੌਮ ਦੇ ਮੁਖੀ ਵੱਲੋਂ ਵਕਤੀ ਤੌਰ ’ਤੇ ਸੰਘਰਸ਼ ਨੂੰ ਠੰਢਾ ਕਰਨ ਲਈ ਇਹ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਕਰਕੇ ਖੇਤ ਮਜ਼ਦੂਰਾਂ ਵੱਲੋਂ 20 ਸਤੰਬਰ ਨੂੰ ਮੁਕਤਸਰ ਦੇ ਨਿਗਰਾਨ ਇੰਜਨੀਅਰ ਅਤੇ ਲੰਬੀ ਦੇ ਕਾਰਜਕਾਰੀ ਇੰਜਨੀਅਰ ਦੇ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ।
ਹਾਲ ਦੀ ਘੜੀ ਬਿੱਲਾਂ ਦੀ ਉਗਰਾਹੀ ਬੰਦ: ਅਧਿਕਾਰੀ
ਕਾਰਜਕਾਰੀ ਇੰਜਨੀਅਰ ਪਰਮਪਾਲ ਸਿੰਘ ਬੁੱਟਰ ਨੇ ਕਿਹਾ ਕਿ ਹਾਲ ਦੀ ਘੜੀ ਉਹ ਨਾ ਤਾਂ ਬਿੱਲਾਂ ਦੀ ਉਗਰਾਹੀ ਕਰ ਰਹੇ ਹਨ ਤੇ ਨਾ ਹੀ ਡਿਫਾਲਟਰ ਕੁਨੈਕਸ਼ਨ ਕੱਟ ਰਹੇ ਹਨ। ਪਰ ਪਹਿਲਾਂ ਕੱਟੇ ਹੋਏ ਕੁਨੈਕਸ਼ਨਾਂ ਨੂੰ ਜੋੜਨ ਸਬੰਧੀ ਹਦਾਇਤ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।