ਰਾਜਿੰਦਰ ਵਰਮਾ
ਭਦੌੜ, 5 ਸਤੰਬਰ
ਇੱਥੇ ਤਿੰਨਕੋਨੀ ਚੌਂਕ ’ਤੇ ਲੱਗਿਆ ਪੱਕਾ ਮੋਰਚਾ ਅੱਜ ਉਸ ਸਮੇਂ ਹੋਰ ਭਖ ਗਿਆ ਜਦੋਂ ਕਿਸਾਨਾਂ ਨੇ ਸ਼ਹਿਰ ਵਿੱਚ ਮਾਰਚ ਕਰਨ ਬਾਅਦ ਪੁਲੀਸ ਬੈਰੀਕੇਡ ਤੋੜ ਕੇ ਥਾਣੇ ਦਾ ਘਿਰਾਓ ਕੀਤਾ। ਕਿਸਾਨ ਮੰਗ ਕਰ ਰਹੇ ਸਨ ਪਿੰਡ ਨੈਣੇਵਾਲ ਦੇ ਮਸਲੇ ਵਿੱਚ ਫੌਰੀ ਹੱਲ ਕੱਢਿਆ ਜਾਵੇ।
ਧਰਨੇ ਨੂੰ ਸੰਬੋਧਨ ਕਰਦਿਆਂ ਲਬਿਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ, ਕਾਮਰੇਡ ਸਵਰਨ ਸਿੰਘ ਜੰਗੀਆਣਾ, ਖੇਤ ਮਜ਼ਦੂਰ ਯੂਨੀਅਨ ਦੇ ਆਗੂ ਨਿੱਕਾ ਸਿੰਘ ਸੰਧੂ ਕਲਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਹਮੇਸ਼ਾ ਹੀ ਸਰਮਾਏਦਾਰਾਂ ਦਾ ਤੇ ਪੇਂਡੂ ਧਨਾਢਾਂ ਦਾ ਪੱਖ ਪੂਰਦੀ ਆਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਨੈਣੇਵਾਲ ਦਾ ਮਸਲਾ ਭਦੌੜ ਪ੍ਰਸ਼ਾਸਨ ਜਾਣਬੁੱਝ ਕੇ ਹੱਲ ਨਹੀਂ ਕਰਨਾ ਚਾਹੁੰਦੀ। 20 ਦਿਨ ਪਹਿਲਾਂ ਜੋ ਸਮਝੌਤਾ ਥਾਣਾ ਭਦੌੜ ਵਿੱਚ ਹੋਇਆ ਸੀ ਉਸ ਨੂੰ ਲਾਗੂ ਕਰਵਾਉਣ ਲਈ ਲਗਾਤਾਰ ਜਥੇਬੰਦੀਆਂ ਯਤਨ ਕਰ ਰਹੀਆਂ ਹਨ ਪਰ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ। ਆਗੂਆਂ ਨੇ ਕਿਹਾ ਕਿ ਬੂਟਾ ਸਿੰਘ ਨੂੰ ਲਗਾਤਾਰ ਪਿਛਲੇ 8 ਸਾਲਾਂ ਤੋਂ ਜਾਤੀ ਤੌਰ ’ਤੇ ਵਿਰੋਧੀ ਵਿਅਕਤੀ ਵੱਲੋਂ ਜ਼ਲੀਲ ਕੀਤਾ ਜਾ ਰਿਹਾ ਸੀ ਤੇ ਕਈ ਵਾਰ ਥਾਣਾ ਭਦੌੜ ਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਬੁਲਾਰਿਆਂ ਨੇ ਇਸ ਮੌਕੇ ਐਲਾਨ ਕੀਤਾ ਕਿ ਜੇਕਰ ਮੁਲਜ਼ਮਾਂ ਖ਼ਿਲਾਫ਼ ਐਸਸੀ ਐਸਟੀ ਐਕਤ ਤਹਿਤ ਕੇਸ ਦਰਜ ਨਾ ਕੀਤਾ ਗਿਆ ਤਾਂ ਥਾਣਾ ਭਦੌੜ ਦਾ ਦਿਨ ਰਾਤ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਐਲਾਨ ਕੀਤੀ ਕਿ 9 ਸਤੰਬਰ ਨੂੰ ਪਿੰਡ ਨੈਣੇਵਾਲ ਵਿੱਚ ਵੱਡਾ ਇਕੱਠ ਕਰਕੇ 11 ਮਰਲਿਆਂ ’ਤੇ ਬੂਟਾ ਸਿੰਘ ਨੂੰ ਕਾਬਜ ਕਰਾਇਆ ਜਾਵੇਗਾ। ਇਸ ਮੌਕੇ ਗੁਰਸੇਵਕ ਸਿੰਘ, ਲਾਲ ਸਿੰਘ, ਸੁਖਦੇਵ ਸਿੰਘ ਭੋਤਨਾ, ਨਾਹਰ ਸਿੰਘ ਭਦੌੜ, ਮਨਜੀਤ ਕੌਰ ਆਦਿ ਆਗੂ ਹਾਜ਼ਰ ਸਨ।