ਪਰਸ਼ੋਤਮ ਬੱਲੀ
ਬਰਨਾਲਾ, 15 ਫਰਵਰੀ
ਸੂਬੇ ਦੀਆਂ ਦੋ ਇਨਕਲਾਬੀ ਜਥੇਬੰਦੀਆਂ ਇਨਕਲਾਬੀ ਕੇਂਦਰ ਪੰਜਾਬ ਅਤੇ ਸੀਪੀਆਈ (ਐੱਮਐੱਲ) ਨਿਊ ਡੈਮੋਕ੍ਰੇਸੀ ਵੱਲੋਂ ਨਵਾਂ ਇਨਕਲਾਬੀ ਬਦਲ ਉਭਾਰਨ ਹਿੱਤ ਇਥੇ ਸ਼ਕਤੀ ਕਲਾ ਮੰਦਰ ਵਿਖੇ ‘ਰਾਜ ਬਦਲੋ-ਸਮਾਜ ਬਦਲੋ’ ਕਨਵੈਨਸ਼ਨ ਕਰਵਾਈ ਗਈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਮੁਖਤਿਆਰ ਸਿੰਘ ਪੂਹਲਾ ਨੇ ਕਿਹਾ ਕਿ ਮੌਜੂਦਾ ਪਾਰਲੀਮਾਨੀ ਪ੍ਰਬੰਧ ਜਿਸ ਕਦਰ ਸਿਆਸੀ ਨਿਘਾਰ ਦੀ ਹਾਲਤ ਵਿੱਚ ਪਹੁੰਚ ਗਿਆ ਹੈ, ਉਸ ਕੋਲੋਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਹੋਣ ਦੀ ਆਸ ਸਮਾਪਤ ਹੋ ਚੁੱਕੀ ਹੈ। ਕੇਂਦਰ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਹਾਕਮ ਜਮਾਤਾਂ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ, ਇਨ੍ਹਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਜਾਤਾਂ, ਗੋਤਾਂ, ਧਰਮਾਂ, ਕਬੀਲਿਆਂ ਦੇ ਨਾਂ ’ਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕਰਦੀਆਂ ਹਨ। ਮਤੇ ਰਾਹੀਂ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਅਸ਼ੀਸ਼ ਮਿਸ਼ਰਾ ਨੂੰ ਅਲਾਹਾਬਾਦ ਹਾਈਕੋਰਟ ਵੱਲੋਂ ਜ਼ਮਾਨਤ ਦੇਣ, ਆਸਿਫਾ ਦੇ ਕਾਤਲਾਂ ਨੂੰ ਬਰੀ ਕਰਨ, ਕਰਨਾਟਕ ਅੰਦਰ ਹਿਜਾਬ ਪਹਿਨਣ ਕਾਰਨ ਘੱਟ ਗਿਣਤੀ ਫਿਰਕੇ ਦੀਆਂ ਮੁਸਲਿਮ ਵਿਦਿਆਰਥਣਾਂ ’ਤੇ ਹਮਲਾ ਕਰਨ, ਦਿੱਲੀ ਅੰਦਰ ਆਂਗਣਵਾੜੀ ਵਰਕਰਾਂ/ਹੈਲਪਰਾਂ ਦੇ ਸੰਘਰਸ਼ ਉੱਪਰ ਹਮਲਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ।
ਇਸ ਸਮੇਂ ਬਲਦੇਵ ਮੰਡੇਰ ਅਤੇ ਨਰਿੰਦਰ ਸਿੰਗਲਾ ਨੇ ਇਨਕਲਾਬੀ ਗੀਤ ਗਾਏ। ਕਨਵੈਨਸ਼ਨ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕੀਤਾ ਗਿਆ। ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਮਨਜੀਤ ਧਨੇਰ, ਬਲਵੰਤ ਉੱਪਲੀ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਮਾਂਗੇਵਾਲ, ਅਮਰਜੀਤ ਕੌਰ, ਜੁਗਰਾਜ ਹਰਦਾਸਪੁਰਾ,ਬਾਬੂ ਸਿੰਘ ਖੁੱਡੀਕਲਾਂ, ਕੁਲਵੰਤ ਸਿੰਘ ਭਦੌੜ, ਗੁਰਮੀਤ ਸੁਖਪੁਰਾ, ਹਰਪ੍ਰੀਤ, ਜਗਮੀਤ, ਸਾਹਿਬ ਸਿੰਘ ਬਡਬਰ, ਬਲਵਿੰਦਰ ਬਰਨਾਲਾ, ਬਿੱਕਰ ਔਲਖ, ਪ੍ਰੇਮਪਾਲ ਕੌਰ, ਡਾ. ਸੁਖਵਿੰਦਰ, ਖੁਸ਼ਮੰਦਰਪਾਲ, ਵਿੰਦਰ ਠੀਕਰੀਵਾਲਾ, ਜਸਪਾਲ ਚੀਮਾ, ਹਰਚਰਨ ਚੰਨਾ, ਬਲਦੇਵ ਸੰਦੇਵਾਹਕ, ਕਾਲਾ ਜੈਦ ਆਦਿ ਆਗੂ ਵਰਕਰ ਵੀ ਸ਼ਾਮਲ ਹੋਏ। ਸਟੇਜ ਸਕੱਤਰ ਡਾ. ਰਾਜਿੰਦਰ ਪਾਲ ਨੇ ਬਾਖੂਬੀ ਨਿਭਾਏ।