ਪੱਤਰ ਪ੍ਰੇਰਕ
ਸ਼ਹਿਣਾ, 21 ਜੁਲਾਈ
ਕਸਬੇ ਸ਼ਹਿਣਾ ਦੀਆਂ ਚਾਰ ਕਿਸਾਨ ਜੱਥੇਬੰਦੀਆਂ ਭਾਕਿਯੂ ਉਗਰਾਹਾਂ, ਭਾਕਿਯੂ ਏਕਤਾ ਡਕੌਂਦਾ, ਭਾਕਿਯੂ ਲੱਖੋਵਾਲ ਅਤੇ ਭਾਕਿਯੂ ਕਾਦੀਆ ਦੇ ਆਗੂਆਂ ਵੱਲੋਂ ਗੁਰਦੁਆਰਾ ਤ੍ਰਿਵੈਣੀ ਸਾਹਿਬ ਵਿੱਚ ਇਕੱਠ ਕਰਕੇ ਸਮੂਹ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਅਤੇ ਕਸਬੇ ਸ਼ਹਿਣਾ ਵਿੱਚ ਕਿਸੇ ਵੀ ਸਿਆਸੀ ਆਗੂ ਦੇ ਦਾਖਲੇ ’ਤੇ ਵੀ ਰੋਕ ਲਗਾਏ ਜਾਣ ਉਪਰੰਤ ਬੱਸ ਸਟੈਂਡ, ਪੰਚਾਇਤਘਰ ਅਤੇ ਹੋਰ ਥਾਵਾਂ ’ਤੇ ਬੈਨਰ ਲਾ ਦਿੱਤੇ ਹਨ। ਭਾਕਿਯੂ ਉਗਰਾਹਾਂ ਦੇ ਗੁਰਪ੍ਰੀਤ ਸਿੰਘ, ਭੀਮ ਸਿੰਘ, ਭੋਲਾ ਸਿੰਘ, ਭਾਕਿਯੂ ਲੱਖੋਵਾਲ ਦੇ ਬੂਟਾ ਸਿੰਘ ਨਾਈਵਾਲਾ, ਭਾਕਿਯੂ ਡਕੌਂਦਾ ਦੇ ਰਾਮ ਸਿੰਘ, ਸੀਰਾ ਸਿੰਘ ਅਤੇ ਭਾਕਿਯੂ ਕਾਦੀਆਂ ਦੇ ਸੁਖਦੇਵ ਸਿੰਘ ਬਾਠ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸੇ ਵੀ ਪਾਰਟੀ ਦਾ ਸਟੈਂਡ ਸਪੱਸ਼ਟ ਨਾ ਹੋਣ ’ਤੇ ਸਿਆਸੀ ਆਗੂਆਂ ਨੂੰ ਪਿੰਡਾਂ ਵਿੱਚ ਆਉਣ ਤੋਂ ਰੋਕਿਆ ਜਾਵੇਗਾ। ਇਸ ਤਹਿਤ ਕਿਸਾਨ ਜੱਥੇਬੰਦੀਆਂ ਵੱਲੋਂ ਸਾਂਝੀ 6 ਮੈਂਬਰੀ ਟੀਮ ਬਣਾਈ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਮਾਗਮਾਂ ਵਿੱਚ ਕਿਸੇ ਵੀ ਸਿਆਸੀ ਆਗੂ ਨੂੰ ਨਾ ਬੁਲਾਉਣ।
ਹਾਕਮਵਾਲਾ ਵਿੱਚ ਰਾਜਸੀ ਆਗੂਆਂ ਦੇ ਦਾਖ਼ਲ ਨਾ ਹੋਣ ਸਬੰਧੀ ਲਾਏ ਬੈਨਰ
ਬੋਹਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਹਾਕਮਵਾਲਾ ਦੇ ਨਿਵਾਸੀਆਂ ਨੇ ਕੁਝ ਦਿਨ ਪਹਿਲਾਂ ਸਮੂਹ ਕਿਸਾਨ ਜਥੇਬੰਦੀਆਂ ਅਤੇ ਪੰਚਾਇਤ ਵੱਲੋਂ ਇਕ ਮਤੇ ਰਾਹੀਂ ਰਾਜਸੀ ਲੀਡਰਾਂ ਨੂੰ ਪਿੰਡ ਵਿੱਚ ਦਾਖ਼ਲ ਨਾ ਹੋਣ ਸਬੰਧੀ ਮਤਾ ਪਾਇਆ ਸੀ। ਇਸ ਸਬੰਧੀ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਦੇ ਚਾਰੇ ਰਸਤਿਆਂ ਉੱਪਰ ਰਾਜਸੀ ਲੀਡਰਾਂ ਨੂੰ ਪਿੰਡ ਵਿੱਚ ਦਾਖ਼ਲ ਨਾ ਹੋਣ ਸਬੰਧੀ ਪੋਸਟਰ ਲਗਾਏ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਕਾਈ ਪ੍ਰਧਾਨ ਗੁਰਮੇਲ ਸਿੰਘ ਮੇਲਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਰੀਸ਼ਾ ਸਿੰਘ ਚਹਿਲ ਨੇ ਸੰਬੋਧਨ ਕੀਤਾ।
ਭਲੂਰ ਵਿਚ ਸਿਆਸੀ ਹਸਤੀਆਂ ਦੇ ਨਾ ਵੜਨ ਦਾ ਅਹਿਦ ਟੁੱਟਿਆ
ਸਮਾਲਸਰ (ਪੱਤਰ ਪ੍ਰੇਰਕ): ਸਾਬਕਾ ਲੋਕ ਸਭਾ ਮੈਂਬਰ ਜਗਮੀਤ ਬਰਾੜ ਭਲੂਰ ਵਿਚ ਕਰੀਬ ਤਿੰਨ ਮਹੀਨੇ ਪਹਿਲਾਂ ਤੋਂ ਬਣ ਰਹੀ ਮਸਜਿਦ ਦੇ ਬਹਾਨੇ ਮੁਸਲਮਾਨ ਭਰਾਵਾਂ ਨੂੰ ਵਧਾਈਆਂ ਦੇਣ ਲਈ ਅੱਜ ਭਲੂਰ ਦੇ ਲੋਕਾਂ ਨਾਲ ਖੁਸ਼ੀ ਸਾਂਝੀ ਕਰਨ ਲਈ ਪੁੱਜੇ। ਇਸ ਮੌਕੇ ਸਰਪੰਚ ਪਾਲਾ ਸਿੰਘ ਨੇ ਜਗਮੀਤ ਸਿੰਘ ਬਰਾੜ ਦਾ ਉਨ੍ਹਾਂ ਦੇ ਗ੍ਰਹਿ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਅਮਰਜੀਤ ਸਿੰਘ ਬਰਾੜ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ, ਕੁਲਵੰਤ ਸਿੰਘ ਗਿੱਲ ਰੋਡੇ, ਗੁਰਸੇਵਕ ਸਿੰਘ ਸਰਪੰਚ ਰੋੜਾਂਵਾਲੀ, ਜਥੇਦਾਰ ਗੁਰਦੀਪ ਸਿੰਘ ਜਟਾਣਾ, ਬਲਜੀਤ ਸਿੰਘ ਪੀਏ, ਜੱਗਾ ਰੋਡਿਆਂ ਵਾਲਾ, ਸਾਬਕਾ ਸਰਪੰਚ ਮਾਤਾ ਬਲਵੰਤ ਕੌਰ ਹਾਜਰ ਸਨ। ਜ਼ਿਕਰਯੋਗ ਹੈ ਕਿ ਭਲੂਰ ਵਾਸੀਆਂ ਨੇ ਪਿੰਡ ਵਿਚ ਸਿਆਸੀ ਹਸਤੀਆਂ ਦਾਖ਼ਲ ਹੋਣ ’ਤੇ ਰੋਕ ਲਾਈ ਹੋਈ ਹੈ।