ਜੋਗਿੰਦਰ ਸਿੰਘ ਮਾਨ
ਮਾਨਸਾ, 9 ਮਾਰਚ
ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਨੂੰ ਲੈਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਕਪਤਾਨ ਪੁਲੀਸ ਅੱਜ ਸਾਰਾ ਦਿਨ ਆਪਣੇ ਅਧਿਕਾਰੀ ਨੂੰ ਲੈ ਕੇ ਅਜਿਹੇ ਬੰਦੋਬਸ਼ਤਾਂ ਵਿੱਚ ਰੁੱਝੇ ਰਹੇ। ਉਧਰ ਵੱਡੀਆਂ ਸਿਆਸੀ ਧਿਰਾਂ ਦੇ ਨੇਤਾਵਾਂ ਵੱਲੋਂ ਵੋਟਾਂ ਦੀ ਗਿਣਤੀ ਵਿੱਚ ਜਾਣ ਲਈ ਸਾਰੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਤੇ ਸਭ ਨੂੰ ਸਮੇਂ ਸਿਰ ਗਿਣਤੀ ਸਥਾਨਾਂ ਉਪਰ ਪਹੁੰਚਣ ਲਈ ਸੁਚੇਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਇਸ ਵਾਰ ਪਹਿਲੀ ਦਫ਼ਾ ਜੇਤੂ ਉਮੀਦਵਾਰਾਂ ਨੂੰ ਜਲੂਸ ਕੱਢਣ ’ਤੇ ਪਾਬੰਦੀ ਲਗਾਈ ਗਈ ਹੈ ਤੇ ਇਹ ਵੀ ਪਤਾ ਲੱਗਿਆ ਹੈ ਕਿ ਜੇਤੂ ਉਮੀਦਵਾਰ ਸਰਟੀਫਿਕੇਟ ਲੈਣ ਲਈ ਸਿਰਫ਼ ਆਪਣੇ ਦੋ ਸਮਰੱਥਕਾਂ ਨਾਲ ਹੀ ਜਾ ਸਕਣਗੇ। ਸਾਰੇ ਜ਼ਿਲ੍ਹਿਆਂ ਵਿੱਚ ਤਿੰਨ ਲੇਅਰ ਸਕਿਊਰਟੀ ਦੇ ਬੰਦੋਬਸ਼ਤ ਕੀਤੇ ਗਏ ਹਨ ਤੇ ਉਮੀਦਵਾਰਾਂ ਦੇ ਏਜੰਟਾਂ ਨੂੰ ਬਕਾਇਦਾ ਸਨਾਖ਼ਤੀ ਕਾਰਡ ਜਾਰੀ ਕੀਤੇ ਗਏ ਹਨ, ਜਿਨ੍ਹਾਂ ਤੋਂ ਬਿਨਾਂ ਗਿਣਤੀ ਕੇਂਦਰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਾਰਿਆਂ ਨੂੰ ਸੁਰੱਖਿਆ ਦੀ ਪਹਿਲੀ ਲਾਈਨ ਤੋਂ ਹੀ ਪੈਦਲ ਚੱਲ ਕੇ ਗਿਣਤੀ ਕੇਂਦਰ ਤੱਕ ਜਾਣਾ ਹੋਵੇਗਾ ਤੇ ਹਰ ਗਿਣਤੀ ਕੇਂਦਰ ’ਚ ਐਗਜੈਟਿਵ ਮੈਜਿਸਟਰੇਟ ਤਾਇਨਾਤ ਕਰ ਦਿੱਤੇ ਹਨ। ਹਰ ਇੱਕ ਵਿਧਾਨ ਸਭਾ ਹਲਕੇ ’ਚ ਇੱਕ ਵੋਟਰ ਹੈਲਪਲਾਈਨ ਐਪ ਸਿੱਧਾ ਪ੍ਰਸਾਰਣ ਵਿਖਾਇਆ ਜਾਵੇਗਾ ਤੇ ਹਰ ਗਿਣਤੀ ਕੇਂਦਰ ਵਿੱਚ ਇੱਕ ਮੀਡੀਆ ਸੈਂਟਰ ਬਣਾਇਆ ਗਿਆ ਹੈ, ਜਿੱਥੇ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਗਿਣਤੀ ਨੂੰ ਲੈ ਕੇ ਪੰਜਾਬ ਭਰ ਵਿੱਚ ਡਰਾਈ ਡੇਅ ਐਲਾਨਿਆ ਗਿਆ ਹੈ। ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਪ੍ਰਬੰਧਾਂ ਨੂੰ ਲੈ ਕੇ ਦੱਸਿਆ ਕਿ ਕਿ ਭਲਕੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪੋਸਟਲ ਬੈਲਟ ਪੇਪਰਾਂ ਅਤੇ ਬਿਜਲਈ ਮਸੀਨਾਂ ਦੀ ਗਿਣਤੀ ਬਰਾਬਰ ਹੀ ਸੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਤਿੰਨੋ ਵਿਧਾਨ ਸਭਾ ਹਲਕਿਆਂ ਦੇ ਗਿਣਤੀ ਕੇਂਦਰਾਂ ’ਚ ਬਿਜਲਈ ਮਸ਼ੀਨਾ ਦੀ ਗਿਣਤੀ ਲਈ ਇਕ ਰਾਊਂਡ ਲਈ 14 ਟੇਬਲ ਲਗਾਏ ਜਾਣਗੇ, ਜਿਸਦੇ ਲਈ ਕਾਊਟਿੰਗ ਹਾਲ ਨੂੰ ਦੋ ਭਾਗਾਂ ’ਚ ਵੰਡਕੇ 7-7 ਟੇਬਲ ਲੱਗਣਗੇ।
ਜਿੱਤ ਦਾ ਜਸ਼ਨ ਨਹੀਂ ਮਨਾ ਸਕਣਗੇ ਉਮੀਦਵਾਰ
ਮੋਗਾ (ਮਹਿੰਦਰ ਸਿੰਘ ਰੱਤੀਆਂ) ਇਸ ਵਾਰ ਉਮੀਦਵਾਰ ਢੋਲ ਢਮੱਕੇ ਨਾਲ ਜਿੱਤ ਦਾ ਜਸ਼ਨ ਨਹੀਂ ਮਨਾ ਸਕਣਗੇ। ਚੋਣ ਕਮਿਸ਼ਨ ਨੇ ਜੇਤੂ ਜਲੂਸ ਕੱਢਣ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਗਿਣਤੀ ਕੇਂਦਰ ਦੇ ਪਾਸ ਜਾਰੀ ਹੋਣ ਬਾਵਜੂਦ ਸਥਾਨਕ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈਆਂ ਬੰਦਿਸਾਂ ਤੋਂ ਮੀਡੀਆ ’ਚ ਕਾਫ਼ੀ ਰੋਸ ਹੈ। ਇਥੇ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਤੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਗਿਣਤੀ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਐੱਸਪੀ ਸਥਾਨਕ ਭੂਪਿੰਦਰ ਸਿੰਘ ਸਿੱਧੂ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਪੋਸਟਲ ਬੈਲੇਟ ਪੇਪਰਾਂ ਦੀ ਗਿਣਤੀ ਹੋਵੇਗੀ। ਮਗਰੋਂ ਵੋਟਿੰਗ ਮਸ਼ੀਨਾਂ ਰਾਹੀਂ ਗਿਣਤੀ ਹੋਵੇਗੀ। ਚਾਰੇ ਹਲਕਿਆਂ ਲਈ ਚੋਣ ਲੜਨ ਵਾਲੇ 42 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 5 ਲੱਖ, 58 ਹਜ਼ਾਰ 417 ਵੋਟਾਂ ਕਰਨਗੀਆਂ ਜਦੋਂਕਿ 5741 ਪੋਸਟਲ ਬੈਲਟ ਪੇਪਰ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਖ਼ਬਰ ਲਿਖੇ ਜਾਣ ਤੱਕ 2901 ਪ੍ਰਾਪਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਜੇਤੂ ਉਮੀਦਵਾਰ ਨੂੰ ਜੇਤੂ ਜਲੂਸ ਕੱਢਕੇ ਜਸ਼ਨ ਮਨਾਉਣ ਦੀ ਆਗਿਆ ਨਹੀਂ ਹੋਵੇਗੀ। ਰਿਟਰਨਿੰਗ ਅਫ਼ਸਰ ਤੋਂ ਸਰਟੀਫਿਕੇਟ ਪ੍ਰਾਪਤ ਕਰਨ ਲਈ ਉਮੀਦਵਾਰ ਜਾਂ ਉਸਦੇ ਅਧਿਕਾਰਤ ਏਜੰਟ ਦੇ ਨਾਲ ਸਿਰਫ਼ 2 ਵਿਅਕਤੀਆਂ ਦੇ ਹੀ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।