ਰਾਜਵਿੰਦਰ ਰੌਂਤਾ
ਮੋਗਾ, 5 ਜੂਨ
ਪੁਲੀਸ ਥਾਣਾ ਬੱਧਨੀ ਕਲਾਂ ਦੇ ਥਾਣਾ ਮੁਖੀ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਇੱਕ ਨਸ਼ਾ ਤਸਕਰੀ ਦੀ ਖੇਪ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਗੁਪਤ ਸੂੁਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਇੱਕ ਟਰੱਕ ਵਿੱਚ 10 ਕੁਇੰਟਲ ਭੁੱਕੀ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਧਨੀ ਕਲਾਂ ਦੇ ਏਐਸਪੀ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਸ਼ੱਕੀ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਬਾਰੀਕੀ ਨਾਲ ਜਾਂਚ ਕਰਦਿਆਂ ਟਰੱਕ ਵਿੱਚ ਬਣਾਏ ਗਏ ਕੈਬਿਨ ਵਿੱਚੋਂ 50 ਬੋਰੀਆਂ ਭੁੱਕੀ ਦੀਆਂ ਬਰਾਮਦ ਕੀਤੀਆਂ। ਪੁਲੀਸ ਨੇ ਜਦੋਂ ਇਨ੍ਹਾਂ ਦਾ ਵਜ਼ਨ ਕੀਤਾ ਤਾਂ ਕੁੱਲ 10 ਕੁਇੰਟਲ ਭੁੱਕੀ ਸੀ। ਥਾਣਾ ਬੱਧਨੀ ਕਲਾਂ ਪੁਲੀਸ ਨੇ ਮੌਕੇ ’ਤੇ ਫੜੇ ਮਨਦੀਪ ਸਿੰਘ ਵਾਸੀ ਦੌਲੇਵਾਲਾ ਅਤੇ ਸਤਨਾਮ ਸਿੰਘ ਵਾਸੀ ਬੰਗਾ ਬੇਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਮੌਕੇ ਏਐਸਪੀ ਸਰਫ਼ਰਾਜ ਆਲਮ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪੁਲੀਸ ਵੱਲੋਂ ਨਸ਼ਾ ਤਸਕਰੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਤਸਕਰਾਂ ਤੋਂ ਉਨ੍ਹਾਂ ਨਾਲ ਜੁੜੇ ਲੋਕਾਂ ਬਾਰੇ ਪਤਾ ਕਰਨ ਲਈ ਪੁਲੀਸ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
ਸ਼ਹਿਣਾ (ਪੱਤਰ ਪ੍ਰੇਰਕ): ਥਾਣਾ ਸ਼ਹਿਣਾ ਦੇ ਐੱਸਐੱਚਓ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਮੁਖ਼ਬਰ ਦੀ ਸੂਚਨਾ ’ਤੇ ਸਬ ਇੰਸਪੈਕਟਰ ਜਸਵੀਰ ਸਿੰਘ ਨੇ ਮੱਖਣ ਖਾਂ ਪੁੱਤਰ ਸਾਹਬਦੀਨ ਖਾਂ ਵਾਸੀ ਮੌੜ ਪਟਿਆਲਾ ਕੋਲੋਂ ਨੌਂ ਬੋਤਲਾਂ ਨਾਜ਼ਾਇਜ ਸ਼ਰਾਬ ਫੜੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।