ਮਹਿੰਦਰ ਸਿੰਘ ਰੱਤੀਆਂ
ਮੋਗਾ, 31 ਦਸੰਬਰ
ਜ਼ਿਲ੍ਹੇ ਦੀ ਬੱਧਨੀ ਕਲਾਂ ਅਤੇ ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਪ੍ਰਧਾਨ ਦੀ ਚੋਣ ਸਿਆਸੀ ਧੜੇਬੰਦੀ ’ਚ ਉਲਝ ਗਈ ਹੈ। ਵੋਟਾਂ ਤੋਂ 10 ਮਹੀਨੇ ਬਾਅਦ ਵੀ ਪ੍ਰਧਾਨ ਤੇ ਉੱਪ ਪ੍ਰਧਾਨ ਦੇ ਅਹੁਦੇ ਖਾਲੀ ਰਹਿਣ ਕਾਰਨ ਲੋਕਾਂ ਵਿੱਚ ਰੋਸ ਹੈ। ਬੱਧਨੀ ਕਲਾਂ ਨਗਰ ਪੰਚਾਇਤ ਲਈ ਹਾਕਮ ਧਿਰ ਕੋਲ ਬਹੁਮਤ ਹੋਣ ਦੇ ਬਾਵਜੂਦ ਧੜੇਬੰਦੀ ਕਾਰਨ ਪ੍ਰਧਾਨ ਤੇ ਉੱਪ ਪ੍ਰਧਾਨ ਦੀ ਚੋਣ ਉਲਝੀ ਪਈ ਹੈ। ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਲਈ ਹਾਕਮ ਧਿਰ ਕੋਲ ਬਹੁਮਤ ਨਹੀਂ ਜਿਸ ਕਾਰਨ ਇਥੇ ਵੀ ਪ੍ਰਧਾਨਗੀ ਦਾ ਮਾਮਲਾ ਲਟਕਿਆ ਪਿਆ ਹੈ। ਨਗਰ ਪੰਚਾਇਤ ਬੱਧਨੀ ਕਲਾਂ ਲਈ ਪ੍ਰਧਾਨ ਤੇ ਉੱਪ ਪ੍ਰਧਾਨ ਦੀ ਚੋਣ ਲਈ ਕਈ ਵਾਰ ਪ੍ਰੋਗਰਾਮ ਰੱਦ ਹੋ ਚੁੱਕੇ ਹਨ ਜਦੋਂ ਕਿ ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਲਈ ਹਾਕਮ ਧਿਰ ਕੋਲ ਬਹੁਮਤ ਨਾ ਹੋਣ ਕਾਰਨ ਹੁਣ ਤੱਕ ਪ੍ਰਧਾਨ ਤੇ ਉੱਪ ਪ੍ਰਧਾਨ ਲਈ ਪ੍ਰੋਗਰਾਮ ਵੀ ਜਾਰੀ ਨਹੀਂ ਕੀਤਾ ਗਿਆ। ਬੱਧਨੀ ਕਲਾਂ ਨਗਰ ਪੰਚਾਇਤ ਦੇ ਕੁੱਲ 13 ਵਿੱਚੋਂ 9 ਕੌਂਸਲਰ ਹਾਕਮ ਧਿਰ, ਅਕਾਲੀ ਦਲ ਇੱਕ ਤੇ 3 ‘ਆਪ’ ਕੌਂਸਲਰ ਚੁਣੇ ਗਏ ਸਨ। ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਲਈ 13 ਵਿੱਚੋਂ 5 ਕੌਂਸਲਰ ਅਕਾਲੀ ਦਲ, 4 ਹਾਕਮ ਧਿਰ ਤੇ 4 ਅਜ਼ਾਦ ਹਨ ਜਿਨ੍ਹਾਂ ’ਚੋਂ 2 ਅਕਾਲੀ ਦਲ ਤੇ 2 ਕਾਂਗਰਸ ਦੇ ਸਮਰਥਨ ਵਿੱਚ ਹਨ। ਇਥੇ ਹਾਕਮ ਧਿਰ ਤੇ ਅਕਾਲੀ ਦਲ ਦੇ ਬਰਾਬਰ ਕੌਂਸਲ ਹੋਣ ਕਾਰਨ ਪ੍ਰਧਾਨਗੀ ਦਾ ਪੇਚ ਫਸਿਆ ਹੋਇਆ ਹੈ।