ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਅਕਤੂਬਰ
ਬੱਧਨੀ ਕਲਾਂ ਅਤੇ ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਪ੍ਰਧਾਨ ਦੀ ਚੋਣ ਕਰੀਬ 8 ਮਹੀਨੇ ਤੋਂ ਸਿਆਸੀ ਧੜੇਬੰਦੀ ’ਚ ਉਲਝੀ ਚੱਲੀ ਆ ਰਹੀ ਹੈ। ਬੱਧਨੀ ਕਲਾਂ ’ਚ ਬਹੁਮਤ ਦੇ ਬਾਵਜੂਦ ਹਾਕਮ ਧਿਰ ਦਾ ਧੜੇਬੰਦੀ ਕਾਰਨ ਪ੍ਰਧਾਨ ਨਹੀਂ ਬਣ ਸਕਿਆ ਜਦਕਿ ਨਿਹਾਲ ਸਿੰਘ ਵਾਲਾ ਕੌਂਸਲ ਲਈ ਅਕਾਲੀ ਦਲ ਤੇ ਹਾਕਮ ਧਿਰ ਦੇ ਬਰਾਬਰ ਬਰਾਬਰ ਕੌਂਸਲਰ ਹੋਣ ਕਾਰਨ ਪ੍ਰਧਾਨਗੀ ਦਾ ਮਾਮਲਾ ਲਟਕਿਆ ਆ ਰਿਹਾ ਹੈ। ਬੱਧਨੀ ਕਲਾਂ ਕੌਂਸਲ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਲਈ ਕਨਵੀਨਰ ਐੱਸਡੀਐੱਮ ਨਿਹਾਲ ਸਿੰਘ ਵਾਲਾ ਰਾਮ ਸਿੰਘ ਵੱਲੋਂ 11 ਅਕਤੂਬਰ 11 ਵਜੇ ਦਾ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਬੱਧਨੀ ਕਲਾਂ ਨਗਰ ਪੰਚਾਇਤ ਲਈ ਹਾਕਮ ਧਿਰ ਕੋਲ ਬਹੁਮਤ ਹੈ ਤੇ 13 ’ਚੋਂ 9 ਕੌਂਸਲਰ ਹਾਕਮ ਧਿਰ ਦੇ ਹਨ ਪਰ ਪਾਰਟੀ ਧੜੀਬੰਦੀ ਕਾਰਨ ਚੋਣ ਕਈ ਵਾਰ ਮੁਲਤਵੀ ਹੋ ਚੁੱਕੀ ਹੈ। ਇੱਥੇ ਪ੍ਰਧਾਨਗੀ ਲਈ ਬਾਘਾਪੁਰਾਣਾ ਤੋਂ ਹਾਕਮ ਧਿਰ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਸਾਬਕਾ ਵਿਧਾਇਕਾ ਰਾਜਵਿੰਦਰ ਕੌਰ ਭਾਗੀਕੇ ਦਰਮਿਆਨ ਰੱਸਾਕਸ਼ੀ ਚੱਲ ਰਹੀ ਹੈ।
ਬੀਤੀ 3 ਮਈ ਨੂੰ ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਵਾਸਤੇ ਕਾਰਜਕਾਰੀ ਤਹਿਸੀਲਦਾਰ ਧਰਮਕੋਟ ਮਨਿੰਦਰ ਸਿੰਘ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਚੋਣ ਤੋਂ ਪਹਿਲਾਂ ਸਾਰੇ 13 ਕੌਂਸਲਰਾਂ ਨੂੰ ਸਹੁੰ ਚੁਕਾਈ ਗਈ। ਇਸ ਤੋਂ ਬਾਅਦ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤਾਂ ਚੋਣ ਵਿੱਚ ਸਿਰਫ਼ 6 ਕੌਂਸਲਰਾਂ ਨੇ ਭਾਗ ਲਿਆ ਤੇ ਕੋਰਮ ਪੂਰਾ ਨਾ ਹੋਣ ਕਰਕੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਇਸ ਹਲਕੇ ਤੋਂ ਵਿਧਾਇਕ ‘ਆਪ’ ਦਾ ਹੋਣ ਕਰਕੇ ਉਹ ਕਿਸ ਨੂੰ ਵੋਟ ਪਾਉਣਗੇ ਬਾਰੇ 11 ਨੂੰ ਹੀ ਪਤਾ ਲੱਗੇਗਾ। ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਵੀ ਕਰੀਬ 8 ਮਹੀਨੇ ਤੋਂ ਲਟਕਦੀ ਆ ਰਹੀ ਹੈ। ਇੱਥੇ ਹਾਕਮ ਧਿਰ ਤੇ ਅਕਾਲੀ ਦਲ ਦੇ ਬਰਾਬਰ ਕੌਂਸਲ ਹੋਣ ਕਾਰਨ ਪ੍ਰਧਾਨਗੀ ਦਾ ਪੇਚ ਫਸਿਆ ਹੋਇਆ ਹੈ। ਇੱਥੇ ਵੀ ‘ਆਪ’ ਵਿਧਾਇਕ ਦੀ ਵੋਟ ਹੀ ਪੈਣੀ ਹੈ। ਥਾਣਾ ਮੁਖੀ ਸੰਦੀਪ ਸਿੰਘ ਸਿੱਧੂ ਨੇ ਕਿਹਾ ਕਿ ਸੀਨੀਅਰ ਅਫ਼ਸਰਾਂ ਦੇ ਹੁਕਮਾਂ ਮੁਤਾਬਕ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾਣਗੇ।