ਰੋਹਿਤ ਗੋਇਲ
ਪੱਖੋਂ ਕੈਂਚੀਆਂ, 5 ਅਪਰੈਲ
ਪਿੰਡ ਜੋਧਪੁਰ ਵਿੱਚ ਡੱਲਾਖਾਨਾ ਪੱਤੀ ਦੀ ਧਰਮਸ਼ਾਲਾ ਦੀ ਮਾੜੀ ਹਾਲਤ ਹੋਣ ’ਤੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕੀਤਾ ਹੈ। ਕੈਪਟਨ ਜਗਤਾਰ ਸਿੰਘ ਕਲੱਬ ਪ੍ਰਧਾਨ ਸ਼ਹੀਦ ਭਗਤ, ਬਲਜੀਤ ਸਿੰਘ ਅਕਾਲੀ, ਬਿੰਦਰ ਸਿੰਘ ਨੰਬਰਦਾਰ, ਪ੍ਰਮੋਦ ਕੁਮਾਰ, ਗਿੰਦਰ ਸਿੰਘ ਆਦਿ ਨੇ ਦੱਸਿਆ ਕਿ 1986 ਵਿੱਚ ਪੱਤੀ ਵਾਸੀਆਂ ਨੇ ਘਰਾਂ ਮੁਤਾਬਕ ਵਾਸ ਇਕੱਤਰ ਕਰ ਕੇ ਧਰਮਸ਼ਾਲਾ ਦੀ ਉਸਾਰੀ ਕੀਤੀ ਸੀ। ਉਨ੍ਹਾਂ ਸਮਿਆਂ ਵਿੱਚ ਧਰਮਸ਼ਾਲਾ ਵਿਚ ਜੰਞ ਆਦਿ ਠਹਿਰਨੀ ਹੋਣ ਕਰ ਕੇ ਧਰਮਸ਼ਾਲਾ ਦੀ ਪੂਰੀ ਠੁੱਕ ਸੀ, ਪਰ ਸਮੇਂ ਦੀ ਕਰਵਟ ਨੇ ਧਰਮਸ਼ਾਲਾ ਦੀ ਜਿੱਥੇ ਰੌਣਕ ਫਿੱਕੀ ਪਾ ਦਿੱਤੀ, ਉੱਥੇ ਧਰਮਸ਼ਾਲਾ ਦੀ ਇਮਾਰਤ ਦਿਨੋਂ ਦਿਨ ਖੁਰਦੀ ਜਾ ਰਹੀ ਹੈ। ਪੱਤੀ ਵਾਸੀਆ ਨੇ ਇਹ ਵੀ ਰੋਸ ਜਾਹਿਰ ਕੀਤਾ ਕਿ 37 ਸਾਲਾਂ ਦੌਰਾਨ ਇਸ ਧਰਮਸ਼ਾਲਾ ਲਈ ਕੋਈ ਵੀ ਸਰਕਾਰੀ ਗਰਾਂਟ ਨਹੀਂ ਲੱਗੀ। ਧਰਮਸ਼ਾਲਾ ਦੇ ਦੋਵੇਂ ਗੇਟ ਟੁੱਟ ਕੇ ਡਿੱਗ ਚੁੱਕੇ ਹਨ। ਕੁਝ ਕੰਧਾਂ ਵੀ ਕੱਚੀਆਂ ਪਈਆਂ ਹਨ ਅਤੇ ਇਮਾਰਤ ਵੀ ਡਿੱਗਦੀ ਜਾ ਰਹੀ ਹੈ। ਕਾਫੀ ਸਮੇਂ ਤੋਂ ਧਰਮਸ਼ਾਲਾ ਵਿੱਚ ਆਂਗਣਵਾੜੀ ਕੇਂਦਰ ਵੀ ਚੱਲਦਾ ਹੈ, ਪਰ ਫਿਰ ਕਿਸੇ ਅਧਿਕਾਰੀ ਜਾਂ ਪੰਚਾਇਤ ਨੇ ਇਸ ਦੀ ਸਾਰ ਨਹੀਂ ਲਈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਰਕਾਰ ਵੱੱਲੋਂ ਧਰਮਸ਼ਾਲਾ ਲਈ ਗਰਾਂਟ ਜਾਰੀ ਕੀਤੀ ਜਾਵੇ।