ਪੱਤਰ ਪ੍ਰੇਰਕ
ਅਬੋਹਰ, 22 ਫਰਵਰੀ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਡਾ. ਮਹਿੰਦਰ ਰਿਣਵਾ ਦੇ ਭਤੀਜੇ ਰੋਹਿਤ ਰਿਣਵਾ ਅਤੇ ਉਸ ਦੇ ਸਹਿਯੋਗੀਆਂ ’ਤੇ ਸਥਾਨਕ ਈਦਗਾਹ ਬਸਤੀ ਵਿੱਚ ਕੁਝ ਲੋਕਾਂ ਵੱਲੋਂ ਹਮਲਾ ਕੀਤੇ ਜਾਣ ਦੇ ਮਾਮਲੇ ’ਚ ਸਿਟੀ ਥਾਣਾ-1 ਦੀ ਪੁਲੀਸ ਨੇ 13 ਨਾਮਜ਼ਦ ਅਤੇ 3-4 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਰੋਹਿਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਸਿਵਲ ਲਾਈਨ ਨੇ ਦੱਸਿਆ ਕਿ 19 ਫਰਵਰੀ ਦੀ ਰਾਤ ਉਹ ਗੁਲਾਬ ਵਾਸੀ ਅਮਰਪੁਰਾ, ਸੁਸ਼ੀਲ ਮੌਰੀਆ, ਰਾਜਾ ਅਤੇ ਦਵਿੰਦਰ ਨਾਲ ਕਾਰ ਵਿੱਚ ਕਿੱਲਿਆਂ ਵਾਲੀ ਸੜਕ ’ਤੇ ਜਾ ਰਹੇ ਸਨ ਕਿ ਈਦਗਾਹ ਬਸਤੀ ਵਿੱਚ ਗਣੇਸ਼ ਕੌਂਸਲਰ ਅਤੇ ਉਸਦੇ ਦਰਜਨ ਭਰ ਸਾਥੀਆਂ ਨੇ ਉਨ੍ਹਾਂ ’ਤੇ ਹਥਿਆਰਾਂ ਨਾਲ ਹਮਲਾ ਕੀਤਾ ਤੇ ਗਣੇਸ਼ ਨੇ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੇਨੀ ਝਪਟ ਲਈ ਤੇ ਕਪਿਲ ਨੇ ਉਸ ਦਾ ਫੋਨ ਖੋਹ ਲਿਆ।
ਪੁਲੀਸ ਨੇ ਰੋਹਿਤ ਦੇ ਬਿਆਨਾਂ ’ਤੇ ਗਣੇਸ਼ ਕੁਮਾਰ, ਲਵਕੁਸ਼, ਕਪਿਲ, ਅਕਸ਼ੂ, ਦੌਲਤ, ਅਮਿਤ, ਵਿਕਾਸ ਸਹਾਰਨਪੁਰੀਆ, ਗੌਰਵ, ਚੁੰਨੀ, ਮਨੌਜ, ਕਾਲੂ ਮੇਨਪੁਰੀਆ, ਪੁਨੀਤ ਵਾਸੀ ਈਦਗਾਹ ਬਸਤੀ, ਗਣੇਸ਼ ਦਾ ਜੀਜਾ ਅਤੇ 3-4 ਅਣਪਛਾਤੇ ਵਿਅਕਤੀ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਦੂਜੀ ਧਿਰ ਦੇ ਬਿਆਨਾਂ ਹੇਠ ਰੋਹਿਤ ਰਿਣਵਾ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਵੀ ਕਰਾਸ ਕੇਸ ਦਰਜ ਕੀਤਾ ਹੈ।