ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 21 ਸਤੰਬਰ
ਥਾਣਾ ਸਿਟੀ ਜਲਾਲਾਬਾਦ ਦੀ ਪੁਲੀਸ ਨੇ ਥਾਣਾ ਵੈਰੋਕਾ ’ਚ ਤਾਇਨਾਤ ਮੁੱਖ ਮੁਨਸ਼ੀ ਨਾਲ ਕੁੱਟਮਾਰ ਕਰਨ ਅਤੇ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ਹੇਠ ਤਿੰਨ ਨਾਮਜ਼ਦ ਅਤੇ 2-3 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਅਮਰਜੀਤ ਸਿੰਘ ਫ਼ੌਜੀ, ਛਿੰਦਰ ਸਿੰਘ, ਜਸਵਿੰਦਰ ਸਿੰਘ ਅਤੇ 2-3 ਅਣਪਛਾਤੇ ਸ਼ਾਮਲ ਹਨ। ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਐੱਚ.ਸੀ. ਫੌਜਾ ਸਿੰਘ ਥਾਣਾ ਵੈੈਰੋਕਾ ’ਚ ਮੁੱਖ ਮੁਨਸ਼ੀ ਹੈ। ਬੀਤੀ ਸ਼ਾਮ ਕਰੀਬ 8.40 ਵਜੇ ਅਮਰਜੀਤ ਸਿੰਘ ਫ਼ੌਜੀ ਤੇ ਉਸ ਦੇ ਸਾਥੀ, ਸੁਖਵਿੰਦਰ ਸਿੰਘ ਵਾਸੀ ਕਾਠਗੜ੍ਹ ਨੂੰ ਕੁੱਟਮਾਰ ਕਰ ਕੇ ਹਵਾਲਾਤ ’ਚ ਬੰਦ ਕਰਵਾਉਣ ਲਈ ਥਾਣੇ ਲੈ ਕੇ ਆਏ ਤਾਂ ਮੁਨਸ਼ੀ ਨੇ ਕਿਹਾ ਕਿ ਬਿਨਾਂ ਕਿਸੇ ਜੁਰਮ ਤੋਂ ਉਕਤ ਵਿਅਕਤੀ ਨੂੰ ਹਵਾਲਾਤ ’ਚ ਬੰਦ ਨਹੀਂ ਕਰ ਸਕਦੇ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੁਨਸ਼ੀ ਨਾਲ ਕੁੱਟਮਾਰ ਕੀਤੀ। ਇਸ ਸਬੰਧੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਦੁਕਾਨਦਾਰ ਨਾਲ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
ਜਲਾਲਾਬਾਦ: ਥਾਣਾ ਸਦਰ ਜਲਾਲਾਬਾਦ ਦੀ ਪੁਲੀਸ ਨੇ ਪਿੰਡ ਸੁਖੇਰਾ ਬੋਦਲਾ ’ਚ ਬਿਜਲੀ ਦੇ ਸਾਮਾਨ ਵਾਲੀ ਦੁਕਾਨ ਤੋਂ ਨਗਦੀ ਦੀ ਮੰਗ ਕਰਨ ’ਤੇ ਦੁਕਾਨਦਾਰ ਵੱਲੋਂ ਮਨ੍ਹਾ ਕਰਨ ’ਤੇ ਉਸ ਨਾਲ ਕੁੱਟਮਾਰ ਕਰਨ, ਨਗਦੀ ਖੋਹਣ ਅਤੇ ਦੁਕਾਨ ਦੀ ਭੰਨ-ਤੋੜ ਕਰਨ ਦੇ ਦੋਸ਼ ਹੇਠ ਪੁਲੀਸ ਨੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਗੁਰਮੇਲ ਸਿੰਘ ਵਾਸੀ ਹਜਾਰਾ ਰਾਮ ਸਿੰਘ ਵਾਲਾ, ਸੰਦੀਪ ਸਿੰਘ ਉਰਫ ਸੰਜੂ ਵਾਸੀ ਫੁੱਤਵਾਲਾ, ਜਸ਼ਨਦੀਪ ਸਿੰਘ ਵਾਸੀ ਢਾਣੀ ਅਮਰ ਸਿੰਘ ਦਾਖਲੀ ਫੱਤੂਵਾਲਾ ਸ਼ਾਮਲ ਹਨ। ਸ਼ਿਕਾਇਤਕਰਤਾ ਗੁਰਮੀਤ ਸਿੰਘ ਵਾਸੀ ਜੋਧਾ ਭੈਣੀ ਦਾਖਲੀ ਫੱਤੂਵਾਲਾ ਨੇ ਦੱਸਿਆ ਕਿ ਉਸ ਦੀ ਸੁਖੇਰਾ ਬੋਦਲਾ ’ਚ ਬਿਜਲੀ ਦੇ ਸਾਮਾਨ ਦੀ ਦੁਕਾਨ ਹੈ ਅਤੇ ਬੀਤੀ ਸ਼ਾਮ ਕਰੀਬ 8 ਵਜੇ ਜਦੋਂ ਉਹ ਦੁਕਾਨ ਘਰ ਜਾਣ ਲਈ ਬੰਦ ਕਰਨ ਲੱਗਿਆ ਤਾਂ ਮੁਲਜ਼ਮਾਂ ਨੇ ਨਸ਼ਾ ਕਰਨ ਲਈ ਉਸ ਪਾਸੋਂ ਪੈਸਿਆਂ ਦੀ ਮੰਗ ਕੀਤੀ। ਉਸ ਦੇ ਮਨ੍ਹਾ ਕਰਨ ’ਤੇ ਉਨ੍ਹਾਂ ਉਸ ਨਾਲ ਕੁੱਟਮਾਰ ਕੀਤੀ ਤੇ ਕਾਉਂਟਰ ’ਚੋਂ 20 ਹਜ਼ਾਰ ਰੁਪਏ ਦੀ ਨਗਦੀ ਅਤੇ ਇਕ ਮੋਬਾਈਲ ਚੋਰੀ ਕਰ ਕੇ ਲੈ ਗਏ।