ਪਰਮਜੀਤ ਸਿੰਘ
ਫਾਜ਼ਿਲਕਾ, 20 ਨਵੰਬਰ
ਆਲ ਇੰਡੀਆ ਵਰਕਰਜ਼ ਯੂਨੀਅਨ ਅਤੇ ਆਸ਼ਾ ਫੈਸਿਲੀਟੇਟਰ ਯੂਨੀਅਨ (ਏਟਕ) ਜ਼ਿਲ੍ਹਾ ਫਾਜ਼ਿਲਕਾ ਕਮੇਟੀ ਦੀ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ਼ ’ਚ ਜ਼ਿਲ੍ਹਾ ਪ੍ਰਧਾਨ ਸੰਤੋਸ਼ ਰਾਣੀ ਦੀ ਪ੍ਰਧਾਨਗੀ ’ਚ ਹੋਈ। ਇਸ ’ਚ ਸੀਨੀਅਰ ਮੀਤ ਪ੍ਰਧਾਨ ਦੁਰਗੋ ਬਾਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਦੁਰਗੋ ਬਾਈ ਨੇ ਦੱਸਿਆ ਕਿ ਸਮਾਜ ਅਤੇ ਸਿਹਤ ਵਿਭਾਗ ’ਚ 2008 ਤੋਂ ਆਸ਼ਾ ਵਰਕਰਾਂ ਬਿਨਾਂ ਤਨਖ਼ਾਹ ਤੋਂ ਨਿਗੂਣੇ ਇਨਸੈਂਟਿਵ ’ਤੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਂ ਦੇ ਗਰਭ ’ਚ ਪਲ ਰਹੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਦੀ ਮੌਤ ਤੱਕ ਦੇ ਸਬੰਧਿਤ ਕੰਮ ਕਰਦੀਆਂ ਹਨ। ਇਸ ਤੋਂ ਇਲਾਵਾ ਕਈ ਭਿਆਨਕ ਬਿਮਾਰੀਆਂ ਦੇ ਸਰਵੇ ਅਚਾਨਕ ਅਤੇ ਬਿਨਾਂ ਮਿਹਨਤਾਨਾ ਦਿੱਤੇ ਕਰਵਾਏ ਜਾਂਦੇ ਹਨ। ਕੋਵਿਡ-19 ’ਚ ਆਸ਼ਾ ਵਰਕਰਾਂ ਨੇ ਘਰ ਘਰ ਜਾ ਕੇ ਫਰੰਟਲਾਈਨ ਯੋਧੇ ਬਣ ਕੇ ਕੰਮ ਕੀਤਾ ਤੇ ਹੁਣ ਵੀ ਕਰ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਅਣਦੇਖਿਆ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਦੁਰਗੋ ਬਾਈ ਨੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ 22 ਨਵੰਬਰ ਤੱਕ ਬਕਾਏ ਦੀ ਅਦਾਇਗੀ ਨਾ ਕੀਤੀ ਗਈ ਤਾਂ 23 ਨਵੰਬਰ ਨੂੰ ਜ਼ਿਲ੍ਹਾ ਫਾਜ਼ਿਲਕਾ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਜ਼ਿਲ੍ਹਾ ਹੈਡਕੁਆਰਟਰ ’ਤੇ ਪ੍ਰਦਰਸ਼ਨ ਕਰਨਗੀਆਂ। ਇਸ ਮੌਕੇ ਜ਼ਿਲ੍ਹਾ ਸਕੱਤਰ ਨੀਲਮ ਰਾਣੀ, ਵੀਰਪਾਲ ਕੌਰ ਬਲਾਕ ਪ੍ਰਧਾਨ ਸੀਤੋ ਗੁਨੋ, ਸਵਰਣ ਕੌਰ ਬਲਾਕ ਪ੍ਰਧਾਨ ਜੰਡ ਵਾਲਾ ਭੀਮੇਸ਼ਾਹ, ਬੇਅੰਤ ਕੌਰ, ਸੰਜਨਾ ਰਾਣੀ, ਰੇਸ਼ਮਾ ਰਾਣੀ, ਰੀਤੂ ਰਾਣੀ, ਕਿਰਨਾ ਰਾਣੀ, ਰਾਜ ਰਾਣੀ ਕਰਨੀਖੇੜਾ, ਸ਼ਿਮਲਾ ਰਾਣੀ, ਕੁਲਦੀਪ ਕੌਰ, ਪੂਜਾ ਰਾਣੀ, ਲਛਮੀ ਬਾਈ, ਰਮੇਸ਼ ਕੌਰ ਆਦਿ ਨੇ ਵੀ ਸੰਬੋਧਨ ਕੀਤਾ।