ਪੱਤਰ ਪ੍ਰੇਰਕ
ਦੋਦਾ, 4 ਜੂਨ
ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਸਟੇਟ ਕਮੇਟੀ ਦੇ ਫ਼ੈਸਲੇ ’ਤੇ ਜ਼ਿਲ੍ਹੇ ਦੇ ਵੱਖ-ਵੱਖ ਹੈੱਡਕੁਆਰਟਰਾਂ ’ਤੇ ਇਕੱਤਰ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦਾ ਮਿਲਦਾ ਭੱਤਾ ਬੰਦ ਕਰਨ ਤੇ ਚਿੱਟੇ ਦਾ ਨਸ਼ਾ ਕਰਦੇ ਵਿਅਕਤੀਆਂ ਦਾ ਆਸ਼ਾ ਵਰਕਰਾਂ ਤੇ ਫੈਲਿਸੀਟੇਟਰ ਤੋਂ ਜਬਰੀ ਸਰਵੇਖਣ ਕਰਵਾਉਣ ਅਤੇ ਆਸ਼ਾ ਵਰਕਰਾਂ ਤੇ ਫੈਲਿਸੀਟੇਟਰਾਂ ਨੂੰ ਦਿੱਤੇ ਫਿਕਸ ਭੱਤੇ ’ਤੇ ਬੇਲੋੜੀਆਂ ਸ਼ਰਤਾਂ ਲਗਾਉਣ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਦੋਦਾ ਵਿੱਚ ਧਰਨੇ ਦੌਰਾਨ ਆਸ਼ਾ ਵਰਕਰਾਂ ਤੇ ਫੈਲਿਸੀਟੇਟਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੁਲਾਜ਼ਮ ਵਿਰੋਧੀ ਜਾਰੀ ਕੀਤੇ ਪੱਤਰਾਂ ਨੂੰ ਫੂਕ ਕੇ ਰੋਸ ਜ਼ਾਹਰ ਕੀਤਾ। ਵਰਕਰਾਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਇਆ ਕਿ ਕਰੋਨਾ ਮਹਾਮਾਰੀ ਦੌਰਾਨ ਵੈਕਸੀਨੇਸ਼ਨ ਮੁਹਿੰਮ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ, ਜਿਸ ਵਿੱਚ ਵਰਕਰਾਂ ਪਾਸੋਂ ਇਸ ਮੁਹਿੰਮ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦਾ ਕੰਮ ਲਿਆ ਜਾ ਰਿਹਾ ਹੈ। ਇਸ ਦੇ ਉਲਟ ਕੇਂਦਰ ਤੇ ਪੰਜਾਬ ਸਰਕਾਰ ਵਰਕਰਾਂ ਨੂੰ ਮਿਲਣ ਵਾਲਾ ਮਿਹਨਤਾਨਾ, ਮਾਰਚ ਤੋਂ ਬੰਦ ਕਰ ਕੇ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਇਸ ਦੇ ਨਾਲ ਪੰਜਾਬ ਸਰਕਾਰ ਰਾਜ ਅੰਦਰ ਚਿੱਟੇ ਦਾ ਸੇਵਨ ਕਰਦੇ ਨੌਜਵਾਨਾਂ ਦਾ ਸਰਵੇਖਣ ਕਰਵਾਉਣ ਲਈ ਆਸ਼ਾ ਵਰਕਰਾਂ ਉੱਤੇ ਜਬਰੀ ਹੁਕਮ ਚਾੜ੍ਹ ਕੇ ਉਨ੍ਹਾਂ ਨੂੰ ਪਿੰਡਾਂ ਦੇ ਨੌਜਵਾਨ ਨਾਲ ਦੁਸ਼ਮਣੀ ਲੈਣ ਦੇ ਮੂੰਹ ਵਿੱਚ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਪੁਲੀਸ ਵਿਭਾਗ ਦੇ ਨਾਰਕੋਟਿਕਸ ਸੈੱਲ ਦਾ ਹੈ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਮੰਗਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।
ਆਸ਼ਾ ਵਰਕਰਾਂ ਨੇ ਸਰਕਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ
ਧਨੌਲਾ (ਪੱਤਰ ਪ੍ਰੇਰਕ): ਆਸ਼ਾਂ ਵਰਕਰਾਂ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵੱਲੋਂ ਬਲਾਕ ਧਨੌਲਾ ਦੀ ਚੇਅਰਪਰਸਨ ਜਸਵੀਰ ਕੌਰ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਵਿੱਚ ਪੰਜਾਬ ਸਰਕਾਰ ਵੱਲੋਂ ਕਰੋਨਾ ਭੱਤਾ ਕੱਟਣ ਸਬੰਧੀ ਜਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਸੰਦੀਪ ਕੌਰ, ਸੁਖਵੀਰ ਕੌਰ, ਪਰਮਜੀਤ ਕੌਰ, ਜਸਪ੍ਰੀਤ ਕੌਰ, ਚਰਨਜੀਤ ਕੌਰ, ਦੀਪਪਾਲ ਕੌਰ, ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲ ਰਿਹਾ 2500 ਰੁਪਏ ਦਾ ਕੋਵਿਡ ਸਪੈਸ਼ਲ ਭੱਤਾ ਬੰਦ ਕਰ ਦਿੱਤਾ ਗਿਆ, ਜਦੋਂਕਿ ਉਨ੍ਹਾਂ ਵੱਲੋਂ ਹੁਣ ਵੀ ਕੋਵਿਡ ਦਾ ਕੰਮ ਪੂਰੀ ਤਨਦੇਹੀ ਤੇ ਲਗਨ ਨਾਲ ਕੀਤਾ ਜਾ ਰਿਹਾ ਹੈ ਪਰ ਸਿਹਤ ਵਿਭਾਗ ਵੱਲੋਂ ਤੁਗਲਕੀ ਫਰਮਾਨ ਜਾਰੀ ਕਰਦੇ ਹੋਏ ਅਪਰੈਲ ਮਹੀਨੇ ਤੋਂ ਉਨ੍ਹਾਂ ਦਾ ਮਾਣ ਭੱਤਾ ਬੰਦ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਕੋਵਿਡ ਭੱਤਾ ਮੁੜ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਰੋਨਾ ਸਬੰਧਤ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ।