ਨਵਕਿਰਨ ਸਿੰਘ
ਮਹਿਲ ਕਲਾਂ, 27 ਅਗਸਤ
ਗਰੀਬ ਬਜ਼ੁਰਗਾਂ ਨੂੰ ਜਾਅਲੀ ਬੁਢਾਪਾ ਪੈਨਸ਼ਨਧਾਰਕ ਦੱਸਦਿਆਂ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਰਿਕਵਰੀ ਨੋਟਿਸ ਜਾਰੀ ਕਰਨ ਖ਼ਿਲਾਫ਼ ਅੱਜ ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਕਲਾਲ ਮਾਜਰਾ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਜ਼ਦੂਰਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਚੋਣ ਵਾਅਦੇ ਅਨੁਸਾਰ ਪੈਨਸ਼ਨ ਰਾਸ਼ੀ ਤਾਂ ਕੀ ਵਧਾਉਣੀ ਸੀ ਬਲਕਿ ਗਰੀਬ ਮਜ਼ਦੂਰਾਂ ਨੂੰ ਉਮਰ ਘੱਟ ਦੱਸ ਕੇ ਜ਼ਲੀਲ ਕਰ ਰਹੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਚੋਣਾਂ ਸਮੇਂ ਤਾਂ ਸਰਕਾਰਾਂ ਵੱਲੋਂ ਪੈਨਸ਼ਨਾਂ ਲਾਉਣ ਦੀਆ ਸ਼ਰਤਾਂ ਨਰਮ ਕਰ ਦਿੱਤੀਆ ਜਾਂਦੀਆ ਹਨ ਜਦਕਿ ਚੋਣਾਂ ਤੋਂ ਬਾਅਦ ਸ਼ਰਤਾਂ ਸਖਤ ਕਰਕੇ ਲੋਕਾਂ ਨੂੰ ਮਾਨਸਿਕ, ਆਰਥਿਕ, ਸਮਾਜਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਜਾਂਚ ਦੇ ਹਵਾਲੇ ਤਹਿਤ ਬਜ਼ੁਰਗਾਂ ਨੂੰ ਅਯੋਗ ਦੱਸਿਆ ਜਾ ਰਿਹਾ ਹੈ, ਜਾਂਚ ਦਾ ਇਹ ਢੰਗ ਨਾਦਰਸ਼ਾਹੀ ਹੈ ਜਿਸ ਤਹਿਤ ਰਾਸ਼ੀ ਮੋੜਨ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਅਤੇ ਰਾਸ਼ੀ ਨਾ ਭਰ ਸਕਣ ’ਤੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਹੈ। ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਕਈ ਸਾਬਕਾ ਮੰਤਰੀ/ਸਾਬਕਾ ਵਿਧਾਇਕ 6-6 ਪੈਨਸ਼ਨਾਂ ਰਾਹੀਂ ਲੱਖਾਂ ਰੁਪਏ ਪ੍ਰਤੀ ਮਹੀਨਾ ਪੈਨਸ਼ਨਾਂ ਦੇ ਰੂਪ ਵਿੱਚ ਲੈ ਰਹੇ ਹਨ ਜਦਕਿ ਦੂਜੇ ਪਾਸੇ ਪੂਰੀ ਉਮਰ ਟੈਕਸ ਅਦਾ ਕਰਨ ਵਾਲਾ ਸੀਨੀਅਰ ਸਿਟੀਜ਼ਨ ਨਿਗੂਣੀ ਪੈਨਸ਼ਨ ਲਈ ਠੋਕਰਾਂ ਖਾ ਰਿਹਾ ਹੈ। ਇਸ ਮੌਕੇ ਮਜ਼ਦੂਰ ਆਗੂਆਂ ਨੇ ਮੰਗ ਕੀਤੀ ਕਿ ਬੁਢਾਪਾ ਪੈਨਸ਼ਨ ਲਾਉਣ ਲਈ ਮਰਦਾਂ ਦੀ ਉਮਰ 65 ਸਾਲ ਤੋਂ ਘਟਾ ਕੇ 55 ਸਾਲ ਜਦਕਿ ਔਰਤਾਂ ਦੀ ਉਮਰ 50 ਸਾਲ ਕਰਕੇ ਸਨਮਾਨਯੋਗ ਪੈਨਸ਼ਨ ਰਾਸ਼ੀ ਦਿੱਤੀ ਜਾਵੇ ਜੋ ਤਨਖਾਹ ਦੇ ਲਗਪਗ 40 ਫ਼ੀਸਦ ਬਰਾਬਰ ਹੋਣ, ਉਨ੍ਹਾਂ ਸਮਾਜ ਦੇ ਸਾਰੇ ਵਰਗਾ ਲਈ ਪੈਨਸ਼ਨ ਦੀ ਮੰਗ ਵੀ ਕੀਤੀ। ਇਸ ਮੌਕੇ ਨਸੀਬ ਕੌਰ, ਅਮਰਜੀਤ ਕੌਰ, ਚਰਨਜੀਤ ਕੌਰ ਹਾਜ਼ਰ ਸਨ।