ਲਖਵਿੰਦਰ ਸਿੰਘ
ਮਲੋਟ, 1 ਅਪਰੈਲ
ਇੱਥੇ ਪਿਛਲੇ ਦਿਨੀਂ ਵਿਧਾਇਕ ਨਾਲ ਬਦਸਲੂਕੀ ਮਾਮਲੇ ਵਿੱਚ ਪੁਲੀਸ ਵੱਲੋਂ ਵੱਖ ਵੱਖ ਪਿੰਡਾਂ ਵਿੱਚੋਂ ਕਿਸਾਨਾਂ ਦੀ ਕੀਤੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਆਪੋ-ਆਪਣੀਆਂ ਗ੍ਰਿਫ਼ਤਾਰੀਆਂ ਦੇਣ ਦੀ ਗੱਲ ਕਹੀ।
ਭਾਰਤੀ ਕਿਸਾਨ ਸਿੱਧੂਪੁਰ ਦੇ ਜਰਨਲ ਸਕੱਤਰ ਨਿਰਮਲ ਸਿੰਘ ਜੱਸੇਆਣਾ ਨੇ ਕਿਹਾ ਕਿ ਪੁਲੀਸ ਨੇ ਧੱਕੇ ਨਾਲ ਉਨ੍ਹਾਂ ਕਿਸਾਨਾਂ ਨੂੰ ਵੀ ਘਰਾਂ ਚੋਂ ਚੁੱਕ ਲਿਆ ਜੋ ਘਟਨਾ ਵਾਲੇ ਦਿਨ ਉੱਥੇ ਹਾਜ਼ਰ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਛੁਡਵਾਉਣ ਲਈ ਆਪਣੀਆਂ ਗ੍ਰਿਫ਼ਤਾਰੀਆਂ ਦੇਣ ਲਈ ਇਕੱਤਰ ਹੋਏ ਹਨ। ਮਗਰੋਂ ਤਿਕੋਣੀ ਚੌਕ ’ਚ 21 ਕਿਸਾਨਾਂ ਨੇ ਗ੍ਰਿਫ਼ਤਾਰੀਆਂ ਦਿੱਤੀਆ। ਪੁਲੀਸ ਨੇ ਇਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਉੱਧਰ ਭਾਜਪਾ ਦੇ ਮਲੋਟ ਦਿਹਾਤੀ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਵੀ ਸੈਂਕੜੇ ਕਿਸਾਨਾਂ ਅਤੇ ਕਿਸਾਨ ਆਗੂਆਂ ਦੀ ਹਾਜ਼ਰੀ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਸੀ ਉਹ ਖੁਦ ਇਕ ਕਿਸਾਨ ਹਨ ਅਤੇ ਕਿਸਾਨਾਂ ਨਾਲ ਧੱਕਾ ਬਰਦਾਸ਼ਤ ਨਹੀਂ ਹੋ ਰਿਹਾ ਸੀ, ਜੋ ਉਨ੍ਹਾਂ ਦੇ ਅਸਤੀਫ਼ੇ ਦਾ ਕਾਰਨ ਬਣਿਆ।
ਕਿਸਾਨਾਂ ਵੱਲੋਂ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ’ਤੇ ਸੰਘਰਸ਼ ਜਾਰੀ
ਭੁੱਚੋ ਮੰਡੀ (ਪਵਨ ਗੋਇਲ): ਸਵੇਰ ਤੋਂ ਚੱਲ ਰਹੀ ਤੇਜ ਹਵਾ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ ਚੱਲ ਰਹੇ ਮੋਰਚਿਆਂ ਦੇ ਟੈਂਟ ਉਖਾੜ ਦਿੱਤੇ। ਕਿਸਾਨਾਂ ਨੇ ਧੁੱਪ ਵਿੱਚ ਵੀ ਮੋਰਚੇ ਜਾਰੀ ਰੱਖੇ। ਇਸ ਮੌਕੇ ਆਗੂ ਸ਼ਿੰਗਾਰਾ ਸਿੰਘ ਮਾਨ, ਹੁਸ਼ਿਆਰ ਸਿੰਘ, ਦਰਸ਼ਨ ਸਿੰਘ, ਪਰਮਜੀਤ ਕੌਰ ਲਹਿਰਾ, ਬਲਜੀਤ ਸਿੰਘ, ਲਖਵੀਰ ਸਿੰਘ, ਸਿਮਰਜੀਤ ਸਿੰਘ ਅਤੇ ਬਲਤੇਜ ਸਿੰਘ ਨੇ ਕਿਹਾ ਕਿ ਗਰਮੀ ਦਾ ਕਹਿਰ ਅਤੇ ਖੇਤੀ ਕੰਮਾਂ ਦੇ ਜ਼ੋਰ ਦੇ ਬਾਵਜੂਦ ਮੋਰਚਿਆਂ ਵਿੱਚ ਇਕੱਠ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਣੇ ਪੰਜਾਬ ਦੇ ਮੋਰਚੇ ਇਸੇ ਤਰ੍ਹਾਂ ਜਾਰੀ ਰੱਖੇ ਜਾਣਗੇ। ਉਨ੍ਹਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਭਾਵੇਂ ਖੇਤੀ ਕਨੂੰਨਾਂ ਕਾਰਨ ਕਿਸਾਨ ਵਰਗ ਵਿੱਚ ਭਾਰੀ ਰੋਹ ਹੈ, ਫਿਰ ਵੀ ਉਹ ਭਾਜਪਾ ਨੁਮਾਇੰਦਿਆਂ ਦਾ ਸਾਂਤਮਈ ਢੰਗ ਨਾਲ ਹੀ ਵਿਰੋਧ ਕਰਨ।