ਨਿੱਜੀ ਪੱਤਰ ਪ੍ਰੇਰਕ
ਮੋਗਾ, 30 ਦਸੰਬਰ
ਇਥੇ ਥਾਣਾ ਬੱਧਨੀ ਕਲਾਂ ਪੁਲੀਸ ਨੇ ਇੱਕ ਟੈਕਸੀ ਚਾਲਕ ਨੂੰ ਫੇਸਬੁੱਕ ਪੇਜ਼ ਉਤੇ ਬੇਅਦਬੀ ਦੀ ਘਟਨਾ ਦੀ ਝੂਠੀ ਪੋਸਟ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ ਪਿੰਡ ਲੋਪੋ ਵਜੋਂ ਹੋਈ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਧਾਰਾ 295 ਏ, 153, 153 ਏ, 505 ਥਾਣਾ ਬੱਧਨੀ ਕਲਾਂ ਵਿਖੇ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਢਲੀ ਤਫਤੀਸ਼ ਵਿੱਚ ਮੁਲਜ਼ਮ ਨੇ ਸਮਾਜ ਵਿਚ ਨਫਰਤ ਫੈਲਾਉਣ ਅਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਿੱਤੇ ਵਜੋਂ ਟੈਕਸੀ ਚਾਲਕ ਹੈ ਅਤੇ ਉਸ ਨੇ ਆਪਣੇ ਫੇਸਬੁੱਕ ਪੇਜ ’ਲੋਪੋਂ’ ’ਤੇ ਪਾਈ ਪੋਸਟ ’ਚ ਪਿੰਡ ਮੱਲਕੇ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਪੋਸਟ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਪਿੰਡ ਮੱਲਕੇ ਅਤੇ ਨੇੜਲੇ ਇਲਾਕਿਆਂ ਦੇ ਸਾਰੇ ਗੁਰਦੁਆਰਿਆਂ ਦੀ ਜਾਂਚ ਕੀਤੀ, ਪਰ ਫੇਸਬੁੱਕ ਪੋਸਟ ਵਿਚ ਦਰਸਾਏ ਅਨੁਸਾਰ ਪਿੰਡ ਮੱਲਕੇ ਵਿਚ ਕਿਤੇ ਵੀ ਕੋਈ ਅਜਿਹੀ ਘਟਨਾ ਨਹੀਂ ਸੀ ਵਾਪਰੀ।