ਜੋਗਿੰਦਰ ਸਿੰਘ ਮਾਨ
ਮਾਨਸਾ, 12 ਅਪਰੈਲ
ਮਾਲਵਾ ਖੇਤਰ ਵਿੱਚ ਕਣਕ ਦੇ ਸੀਜ਼ਨ ਲਈ ਖਰੀਦ ਕੇਂਦਰਾਂ ਵਿੱਚ ਲਿਫਟਿੰਗ ਤੇ ਲਾਈਟਾਂ ਦੇ ਮਾੜੇ ਪ੍ਰਬੰਧਾਂ ਵਿਰੁੱਧ ਆੜ੍ਹਤੀਆਂ ਨੇ ਸਰਕਾਰ ਖ਼ਿਲਾਫ਼ ਗਿਲਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਅਧੂਰੇ ਬੰਦੋਬਸਤ ਹਾੜ੍ਹੀ ਦੀ ਮੁੱਖ ਫ਼ਸਲ ਦੀ ਖਰੀਦ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਸਕਦੇ ਹਨ। ਇਨ੍ਹਾਂ ਤਕਲੀਫ਼ਾਂ ਨੂੰ ਲੈ ਕੇ ਅੱਜ ਇਥੇ ਬਰੇਟਾ, ਭੀਖੀ, ਬੁਢਲਾਡਾ, ਸਰਦੂਲਗੜ੍ਹ ਦੇ ਆੜ੍ਹਤੀਆਂ ਵੱਲੋਂ ਇਕੱਠ ਕੀਤਾ ਗਿਆ।
ਜ਼ਿਲ੍ਹਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਮੁਤਾਬਕ ਮੰਡੀਆਂ ਵਿੱਚ ਲਿਫਟਿੰਗ 72 ਘੰਟਿਆਂ ਅੰਦਰ ਹੋਣੀ ਜ਼ਰੂਰ ਕਰਵਾਈ ਜਾਵੇ, ਪਰ ਪਿਛਲੇ 5 ਦਿਨਾਂ ਤੋਂ ਦੇਖਣ ’ਚ ਆ ਰਿਹਾ ਹੈ ਕਿ ਲਿਫਟਿੰਗ ਦੀ ਰਫ਼ਤਾਰ ਧੀਮੀ ਗਤੀ ਨਾਲ ਚੱਲ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਕੋਈ ਵੀ ਕਟੌਤੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਨਿਯਮਾਂ ਮੁਤਾਬਕ 24 ਘੰਟਿਆਂ ’ਚ ਲਿਫਟਿੰਗ ਹੋਣਾ ਲਾਜ਼ਮੀ ਹੈ।
ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮੰਡੀਆਂ ’ਚ ਲਾਈਟ ਪ੍ਰਬੰਧ ਵੀ ਪੂਰਾ ਨਹੀਂ ਹਨ, ਜਿਸ ਨਾਲ ਮੁਸ਼ਕਿਲਾਂ ਪੇਸ਼ ਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਐੱਫਸੀਆਈ ਨੇ ਪੀਐੱਫ ਦੀ ਕਟੌਤੀ ਕੀਤੀ ਸੀ, ਜਿਸ ਦਾ ਭੁਗਤਾਣ ਵੀ ਕੀਤਾ ਜਾਵੇ ਤੇ ਨਵੀਂ ਕਟੌਤੀ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਹੁਣੇ ਤੋਂ ਮਾੜੇ ਪ੍ਰਬੰਧਾਂ ਦੀ ਝਲਕ ਦਿੱਸਣ ਲੱਗੀ ਹੈ, ਜਿਸ ਲਈ ਸਰਕਾਰ ਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਤੇ ਕਿਹਾ ਕਿ ਜੇ ਇਨ੍ਹਾਂ ਵਿੱਚ ਕੋਈ ਘਾਟ ਨਜ਼ਰ ਆਈ ਤਾਂ ਆੜ੍ਹਤੀਏ ਤੇ ਕਿਸਾਨ ਮੰਡੀਆਂ ਦੇ ਪ੍ਰਬੰਧ ਨੂੰ ਲੈ ਕੇ ਸੰਘਰਸ਼ ਕਰਨ ਲਈ ਵੀ ਮਜ਼ਬੂਰ ਹੋਣਗੇ।
ਉਨ੍ਹਾਂ ਨੇ ਸਰਕਾਰ ਨੂੰ ਮੰਡੀਆਂ ਦੇ ਪ੍ਰਬੰਧ ਪੁਖਤਾ ਕਰਨ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਸਰਕਾਰ ਇਸ ਗੱਲ ਦਾ ਧਿਆਨ ਰੱਖੇ ਕਿ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ। ਇਸ ਮੌਕੇ ਜਤਿੰਦਰ ਮੋਹਨ ਬਰੇਟਾ, ਕੌਰ ਸੈਨ, ਅਵਤਾਰ ਸਿੰਘ, ਦਰਸ਼ਨ ਸਿੰਘ, ਜੀਵਨ ਕੁਮਾਰ, ਹਰਵਿੰਦਰ ਸਿੰਘ ਸੇਖੋਂ, ਬਿਕਰਮ ਸਿੰਘ, ਰਾਕੇਸ਼ ਕੁਮਾਰ, ਤੇਜਿੰਦਰਪਾਲ ਸਿੰਘ, ਭਗਵਾਨ ਦਾਸ, ਤਰਸੇਮ ਚੰਦ ਨੇ ਵੀ ਸੰਬੋਧਨ ਕੀਤਾ।