ਜਸਵੀਰ ਸਿੰਘ ਭੁੱਲਰ
ਦੋਦਾ, 28 ਅਕਤੂਬਰ
ਬੇਸ਼ੱਕ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਹੋਰ ਆਗੂ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਪਰ ਦੋਦਾ ਦੀ ਮੰਡੀ ਵਿੱਚੋਂ ਬੀਤੇ ਦਿਨ 6 ਆੜ੍ਹਤੀ ਇੱਕ ਕਿਲੋਂ ਸੌ ਗ੍ਰਾਮ ਤੋਂ ਲੈ ਕੇ 700 ਗ੍ਰਾਮ ਪ੍ਰਤੀ ਗੱਟਾ ਵੱਧ ਝੋਨਾ ਤੋਲਦੇ ਪਾਏ ਗਏ ਸਨ। ਜਿਸ ’ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ। ਜਿਸ ਦੇ ਰੋਸ ਵਜੋਂ ਅੱਜ ਸਮੂਹ ਆੜ੍ਹਤੀਆਂ ਵੱਲੋਂ ਮੰਡੀ ਵਿੱਚ ਹੜਤਾਲ ਕਰ ਦਿੱਤੀ, ਜਿਸ ਕਾਰਨ ਤੋਲ, ਛਣਾਈ ਤੇ ਖਰੀਦ ਬੰਦ ਹੋ ਗਈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਹਾਜ਼ਰ ਕਿਸਾਨਾਂ ਦਾ ਕਹਿਣਾ ਕਿ ਇਕ ਪਾਸੇ ਦਿਨ ਦਿਹਾੜੇ ਚੋਰੀ ਅਤੇ ਦੂਜਾ ਸੀਨਾ ਜੋਰੀ ਹੋ ਰਹੀ ਹੈ। ਇਸ ਲੁੱਟ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੱਧੂਪਰ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੇਅੰਤ ਸਿੰਘ ਦੋਦਾ, ਇਕਾਈ ਪ੍ਰਧਾਨ ਬੂਟਾ ਸਿੰਘ ਖਾਲਸਾ ਦੋਦਾ, ਜਰਨੈਲ ਸਿੰਘ ਖਾਲਸਾ, ਮਲਕੀਤ ਸਿੰਘ ਪੰਚ ਅਤੇ ਮਹਿੰਦਰ ਸਿੰਘ ਰੁਮਾਣਾ ਆਦਿ ਨੇ ਚਿਤਾਵਨੀ ਦਿੱਤੀ ਕਿ ਜੇ ਕੱਲ੍ਹ ਤੱਕ ਝੋਨੇ ਦੀ ਖਰੀਦ, ਤੁਲਾਈ ਆਦਿ ਨਾ ਚਲਾਈ ਗਈ ਤਾਂ ਉਹ ਮਜ਼ਬੂਰੀ ਵੱਸ ਮੁਕਤਸਰ-ਬਠਿੰਡਾ ਹਾਈਵੇਅ ’ਤੇ ਜਾਮ ਲਾਉਣਗੇ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਥਾਣਾ ਕੋਟਭਾਈ ਦੀ ਪੁਲੀਸ ਵੱਲੋਂ ਵੱਧ ਝੋਨਾ ਤੋਲਣ ਵਾਲੇ ਖ਼ਿਲਾਫ਼ ਧਾਰਾ 265/266/420 ਆਈਪੀਸੀ ਅਧੀਨ ਮਾਮਲਾ ਦਰਜ ਕਰਕੇ ਗੋਕਲ ਸਿੰਘ ਸਵਰਨ ਸਿੰਘ ਫਰਮ ਦੇ ਮਾਲਕ ਇਕ ਆੜ੍ਹਤੀ ਗੁਰਨਾਮ ਸਿੰਘ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਐੱਸਐੱਚਓ ਨਵਪ੍ਰੀਤ ਸਿੰਘ ਕੋਟਭਾਈ ਨੇ ਕੀਤੀ ਹੈ। ਇਸ ਹੀ ਮਾਮਲੇ ਵਿੱਚ ਸੈਕਟਰੀ ਮਾਰਕੀਟ ਕਮੇਟੀ ਮੁਕਤਸਰ ਬਲਕਾਰ ਸਿੰਘ ਮੌਕੇ ਉਤੇ ਮੰਡੀ ਵਿੱਚ ਪੁੱਜੇ ਅਤੇ ਵੱਧ ਤੋਲਣ ਵਾਲੇ ਆੜਤੀਆਂ ਦੀਆਂ ਫਰਮਾਂ ਦਾ ਨਾਂ ਦੱਸਦਿਆਂ ਕਾਰਵਾਈ ਦਾ ਭਰੋਸਾ ਦਿੰਦੇ ਨਜ਼ਰ ਆਏ, ਪਰ ਉਹ ਤੋਲਬੰਦੀ ਅਤੇ ਹੜਤਾਲ ਸਬੰਧੀ ਕਿਸਾਨਾਂ ਨੂੰ ਸੰਤੁਸ਼ਟ ਨਹੀਂ ਕਰ ਸਕੇ। ਦੂਜੇ ਪਾਸੇ ਜਦੋਂ ਡੀਸੀ ਮੁਕਤਸਰ ਹਰਪ੍ਰੀਤ ਸਿੰਘ ਸੂਦਨ, ਐੱਸਡੀਐੱਮ ਗਿੱਦੜਬਾਹਾ ਓਮ ਪ੍ਰਕਾਸ਼ ਨਾਲ ਇਸ ਮਾਮਲੇ ਸਬੰਧੀ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇਗਾ।
ਸ਼ੈਲਰ ਮਾਲਕਾਂ ਦਾ ਦਬਾਅ ਜਾਰੀ, ਕਿਸਾਨਾਂ ਦੀ ਨਹੀਂ ਸੁਣਦੇ ਅਧਿਕਾਰੀ
ਮਾਨਸਾ (ਜੋਗਿੰਦਰ ਸਿੰਘ ਮਾਨ) ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦੇ ਕਈ ਵਾਰ ਮਾਮਲਾ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਮੰਡੀਆਂ ਵਿੱਚ ਅਜੇ ਵੀ ਸ਼ੈਲਰ ਮਾਲਕਾਂ ਦੀ ਫੁੱਲ ਚੱਲਦੀ ਹੈ, ਉਹ ਜਿਹੜੀ ਢੇਰੀ ਨੂੰ ਪਾਸ ਕਰਦੇ ਹਨ, ਉਹੀ ਢੇਰੀ ਦੀ ਬੋਲੀ ਲੱਗਦੀ ਹੈ, ਬਾਕੀਆਂ ਦੀ ਬੋਲੀ ਅਗਲੇ ਦਿਨ ਲਈ ਰਹਿ ਜਾਂਦੀ ਹੈ। ਅਜਿਹੇ ਮਾਮਲੇ ਅੱਜ ਕੱਲ੍ਹ ਜ਼ਿਲ੍ਹੇ ਦੇ ਹਰ ਖਰੀਦ ਕੇਂਦਰ ਵਿੱਚ ਸਾਹਮਣੇ ਆ ਰਹੇ ਹਨ। ਡਿਪਟੀ ਕਮਿਸ਼ਨਰ ਨੇ ਖਰੀਦ ਅਧਿਕਾਰੀਆਂ ਨੂੰ ਝੋਨੇ ਦੀ ਬੋਲੀ ਸਹੀ ਅਤੇ ਸਾਫ-ਸੁਥਰੇ ਢੰਗ ਨਾਲ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਕਿਸਾਨ ਜਥੇਬੰਦੀਆਂ ਨੂੰ ਸ਼ੈਲਰ ਮਾਲਕਾਂ ਦੀ ਮੰਡੀਆਂ ਵਿਚ ਅਜ਼ਾਰੇਦਾਰੀ ਘਟਾਉਣ ਦਾ ਭਾਵੇਂ ਭਰੋਸਾ ਦਿੱਤਾ ਹੈ, ਪਰ ਅਜੇ ਵੀ ਮਾਮਲੇ ਤੋਂ ਕਿਸਾਨ ਜਥੇਬੰਦੀਆਂ ਸੰਤੁਸ਼ਟ ਨਹੀਂ ਹੋਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਸ਼ੈਲਰ ਮਾਲਕਾਂ ਦਾ ਮੰਡੀਆਂ ਵਿਚ ਦੱਬ-ਦਬਾਅ ਜਾਰੀ ਹੈ ਤੇ ਉਨ੍ਹਾਂ ਦੀ ਮਰਜੀ ਨਾਲ ਹੀ ਕਿਸਾਨਾਂ ਦੇ ਝੋਨੇ ਦੀ ਬੋਲੀ ਲੱਗਦੀ ਹੈ। ਉਧਰ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਅੰਨਦਾਤਾ ਵੱਲੋਂ ਆਪਣੀ ਮਿਹਨਤ ਨਾਲ ਤਿਆਰ ਕੀਤੀ ਗਈ ਫਸਲ ਦਾ ਇੱਕ-ਇੱਕ ਦਾਣਾ ਖਰੀਦ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਤੇ ਝੋਨੇ ਦੀ ਫਸਲ ਦੀ ਖਰੀਦੋ-ਫਰੋਖ਼ਤ ਦਾ ਕੰਮ ਜ਼ਿਲ੍ਹੇ ਦੀਆਂ 115 ਮੰਡੀਆਂ ਵਿੱਚ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਝੋਨੇ ਦੇ ਖਰੀਦ ਸੀਜ਼ਨ ਨੂੰ ਵਧੀਆ ਢੰਗ ਨਾਲ ਕਰਨ ਹਿੱਤ ਮੰਡੀਆਂ ਅੰਦਰ ਸੈਕਟਰ ਅਫਸਰਾਂ ਅਤੇ ਸੁਪਰਵਾਈਜ਼ਰਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ, ਤਾਂ ਜੋ ਖਰੀਦ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਦਰਪੇਸ਼ ਨਾ ਆ ਸਕੇ। ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਝੋਨੇ ਲਈ ਕਿਸਾਨਾਂ ਨੂੰ 221 ਕਰੋੜ ਤੋਂ ਵਧੇਰੇ ਰਾਸ਼ੀ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ 212302 ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 187260 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਪਨਗਰੇਨ ਵੱਲੋਂ 70922, ਮਾਰਕਫੈਡ ਵੱਲੋਂ 53098, ਪਨਸਪ ਵੱਲੋਂ 45384, ਵੇਅਰ ਹਾਊਸ ਵੱਲੋਂ 17744, ਐਫ.ਸੀ.ਆਈ. ਵੱਲੋਂ 75 ਅਤੇ ਵਪਾਰੀਆਂ ਵੱਲੋਂ 37 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।