ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਮੋਗਾ,12 ਜੁਲਾਈ
ਇਥੇ ਮੋਗਾ ਦੇ ਮੁੱਖ ਚੌਂਕ ਵਿੱਚ ਜ਼ਿਲ੍ਹੇ ਭਰ ਚੋਂ ਛੋਟੇ ਹਾਥੀ ਅਤੇ ਪਿੱਕ ਅੱਪ ਗੱਡੀਆਂ ਵਾਲਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਵਾਹਨ ਖੜ੍ਹਾ ਕੇ ਜਾਮ ਲਗਾ ਦਿੱਤਾ। ਜਿਸ ਕਾਰਨ ਮੇਨ ਬਜ਼ਾਰ, ਬੱਸ ਅੱਡਾ ਤੇ ਸ਼ਹਿਰ ਵਿੱਚ ਆਉਣ ਜਾਣ ਵਾਲਿਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਛੋਟਾ ਹਾਥੀ, ਪਿੱੱਕ ਅੱਪ , ਕੈਂਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਭੁੱਲਰ ਤੇ ਵਿੱਕੀ ਪ੍ਰਧਾਨ ਨੇ ਕਿਹਾ ਕਿ ਉਹ ਰੋਡ ਟੈਕਸ, ਪਰਮਿਟ, ਪਾਸਿੰਗ ਤੇ ਬੀਮਾ ਆਦਿ ਉੱਪਰ ਹਜ਼ਾਰਾਂ ਰੁਪਏ ਸਾਲਾਨਾ ਖਰਚਦੇ ਹਨ। ਪੁਲੀਸ ਦੀਆਂ ਕੋਸ਼ਿਸਾਂ ਨਾਕਾਮਯਾਬ ਹੋਣ ਮਗਰੋਂ ਡੀ ਸੀ ਮੋਗਾ ਵੱਲੋਂ ਸਮੱਸਿਆਵਾਂ ਦੇ ਹੱਲ ਕਰਨ ਦੇ ਭਰੋਸੇ ਜਾਮ ਖੋਲ੍ਹਿਆ ਗਿਆ।
ਫਾਜ਼ਿਲਕਾ (ਪੱਤਰ ਪ੍ਰੇਰਕ): ਛੋਟਾ ਹਾਥੀ ਅਤੇ ਪਿਕਅੱਪ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪੰਜਾਬ ’ਚ ਚੱਲ ਰਹੀਆਂ ਜੁਗਾੜੂ ਮੋਟਰਸਾਈਕਲ ਰੇਹੜੀਆਂ ਅਤੇ ਪੀਟਰ ਰੇਹੜੇ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਫੌਜੀ,ਜਗਸੀਰ ਸਿੰਘ ਬਲਾਕ ਪ੍ਰਧਾਨ ਫਾਜ਼ਿਲਕਾ, ਨੀਲਾ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪੰਜਾਬ ’ਚ ਚੱਲ ਰਹੀਆਂ ਜੁਗਾੜੂ ਮੋਟਰ ਸਾਇਕਲ ਰੇਹੜੀਆਂ ਅਤੇ ਪੀਟਰ ਰੇਹੜਿਆਂ ਨੂੰ ਬੰਦ ਕਰਵਾਉਣ ਲਈ ਉਹ ਪੰਜਾਬ ’ਚ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਪਰ ਪੰਜਾਬ ਸਰਕਾਰ ਵੱਲੋਂ ਉਕਤ ਜੁਗਾੜੂ ਮੋਟਰ ਸਾਇਕਲ ਰੇਹੜੀਆਂ ਅਤੇ ਪੀਟਰ ਰੇਹੜਿਆਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਵੱਲੋਂ ਅੱਜ ਪੰਜਾਬ ’ਚ ਸਥਿਤ ਲਾਲ ਬੱਤੀਆਂ ਵਾਲੇ ਚੋਕਾਂ ’ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸਾਰੀ ਆਵਾਜ਼ਾਈ ਠੱਪ ਕੀਤੀ ਗਈ।
ਕੋਟਕਪੂਰਾ (ਪੱਤਰ ਪ੍ਰੇਰਕ): ਇਥੇ ਲੁਧਿਆਣਾ-ਸ਼੍ਰੀ ਗੰਗਾਨਗਰ ਸਟੇਟ ਹਾਈਵੇ ਜਾਮ ਕਰਕੇ ਬੈਠੇ ਟਾਟਾ ਏਸ ਛੋਟਾ ਹਾਥੀ ਚਾਲਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਆਗੂ ਸੁਰਿੰਦਰ ਧਿੰਗੜਾ ਨੇ ਕਿਹਾ ਕਿ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਉਹ ਮਜਬੂਰ ਹੋ ਕੇ ਆਪਣੇ ਵਾਹਨਾਂ ਦੀਆਂ ਚਾਬੀਆਂ ਸਬੰਧਿਤ ਜ਼ਿਲ੍ਹਿਆਂ ਦੇ ਡੀ.ਸੀ ਦੇ ਮੇਜ਼ ’ਤੇ ਰੱਖ ਦੇਣਗੇ। ਸਥਾਨਕ ਬੱਤੀਆਂ ਵਾਲੇ ਚੌਂਕ ’ਚ ਸਵੇਰ 9 ਤੋਂ ਸ਼ਾਮ 5 ਵਜੇ ਤੱਕ ਸਿਖਰ ਦੀ ਧੁੱਪ ਤੇ ਬੈਠੇ ਇਹ ਟਾਟਾ ਏਸ ਚਾਲਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੁਗਾੜੂ ਵਾਹਨਾਂ ਕਰਕੇ ਉਹਨਾਂ ਦਾ ਕੰਮਕਾਜ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ।
ਜ਼ੀਰਾ (ਪੱਤਰ ਪ੍ਰੇਰਕ): ਛੋਟਾ ਹਾਥੀ ਅਤੇ ਯੂਟੀਲਿਟੀ ਗੱਡੀ ਯੂਨੀਅਨ ਦੇ ਮੈਂਬਰਾਂ ਵੱਲੋਂ ਮੁੱਖ ਚੌਂਕ ਜ਼ੀਰਾ ਵਿਖੇ ਜਾਮ ਲਗਾ ਕੇ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮਹਿੰਗੇ ਲੋਨ ਕਰਵਾ ਕੇ ਲਈਆਂ ਗਈਆਂ ਗੱਡੀਆਂ ਦੀਆਂ ਕਿਸ਼ਤਾਂ ਭਰਨ ਵਿੱਚ ਵੀ ਉਹ ਅਸਮਰੱਥ ਹੋ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜੁਗਾੜੂ ਰੇਹੜੀਆਂ ਦਾ ਕੰਮ ਜਲਦ ਬੰਦ ਨਾ ਕਰਵਾਇਆ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਜਾਮ ਦੌਰਾਨ ਲੋਕ ਹੋਏ ਪ੍ਰੇਸ਼ਾਨ
ਮਾਨਸਾ (ਪੱਤਰ ਪ੍ਰੇਰਕ): ਜੁਗਾੜੂ ਮੋਟਰਸਾਈਕਲ ਰੇਹੜੀਆਂ ਅਤੇ ਪੀਟਰ ਰੇਹੜੇ ਬੰਦ ਕਰਨ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨਜ਼ਦੀਕ ਤਿਕੋਣੀ ਨੇੜੇ ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਪਿੱਕ ਅੱਪ ਟਾਟਾ ਏਸ ਵੈਲਫ਼ੇਅਰ ਸੁਸਾਇਟੀ ਮਾਨਸਾ ਵੱਲੋਂ ਜਾਮ ਲਗਾਇਆ ਗਿਆ। ਇਸ ਜਾਮ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੌਰਾਨ ਟਰੈਫ਼ਿਕ ਮੁਲਾਜ਼ਮ ਵੀ ਵਾਹਨ ਚਾਲਕਾਂ ਨੂੰ ਹੋਰ ਰੂਟ ’ਤੇ ਭੇਜਦੇ ਰਹੇ। ਮਾਨਸਾ ਦੇ ਬੱਸ ਅੱਡੇ ਤੋਂ ਅਲੱਗ-ਅਲੱਗ ਰੂਟਾਂ ’ਤੇ ਆਉਣ-ਜਾਣ ਵਾਲੀਆਂ ਬੱਸਾਂ ਰਾਹੀਂ ਸਵਾਰੀਆਂ ਨੂੰ ਵੀ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਇਸ ਜਾਮ ਦੌਰਾਨ ਜ਼ਿਲ੍ਹੇ ਭਰ ਦੇ ਟੈਂਪੂਆਂ ਸਮੇਤ ਪਿੱਕਅੱਪ ਗੱਡੀਆਂ ਦੇ ਮਾਲਕਾਂ ਵੱਲੋਂ ਭਾਗ ਲਿਆ ਗਿਆ।ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਟਾਟਾ ਏਸ ਛੋਟਾ ਹਾਥੀ ਅਤੇ ਪਿਕਅੱਪ ਦੇ ਆਪ੍ਰੇਟਰ ਭਾਰੀ ਨੁਕਸਾਨ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਤੁਰੰਤ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ।ਇਸ ਮੌਕੇ ਨਰਿੰਦਰ ਸਿੰਘ,ਜਰਨੈਲ ਸਿੰਘ,ਅਜੈਬ ਸਿੰਘ,ਗੋਰਾ ਸਿੰਘ,ਮਨਪ੍ਰੀਤ ਸਿੰਘ, ਬਾਬੂ ਸਿੰਘ ਨੇ ਵੀ ਸੰਬੋਧਨ ਕੀਤਾ।