ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 9 ਮਾਰਚ
ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਆਖਰੀ ਬਜਟ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਬੰਧੀ ਅਪਣਾਏ ਰਵੱਈਏ ਦੇ ਖ਼ਿਲਾਫ਼ ਮੁਲਾਜ਼ਮ ਵਰਗ ਵਿੱਚ ਤਿੱਖਾ ਰੋਸ ਹੈ। ਇਸ ਰੋਸ ਵਿੱਚ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮਿੰਨੀ ਸਕੱਤਰੇਤ ਸਾਹਮਣੇ ਚੱਲ ਰਹੀ ਭੁੱਖ ਹੜਤਾਲ ਵਿੱਚ 22 ਮੁਲਾਜ਼ਮ ਤੇ ਪੈਨਸ਼ਨਰ ਭੁੱਖ ਹੜਤਾਲ ’ਤੇ ਬੈਠੇ। ਇਸ ਦੇ ਨਾਲ ਹੀ ਆਗੂਆਂ ਦੇ ਵੱਡੇ ਜੱਥਿਆਂ ਨੇ ਵੱਖ ਵੱਖ ਦਫ਼ਤਰਾਂ ਵਿੱਚ ਗੇਟ ਰੈਲੀਆਂ ਕੀਤੀਆਂ। ਇਸ ਐਕਸ਼ਨ ਦੀ ਅਗਵਾਈ ਮਨਿਸਟਰੀਅਲ ਸਟਾਫ ਦੇ ਆਗੂ ਅਮਰੀਕ ਸਿੰਘ ਸੰਧੂ ਬਲਬੀਰ ਸਿੰਘ ਜਨਰਲ ਦਕੱਤਰ, ਪੈਨਸ਼ਨਰ ਆਗੂ ਅਸ਼ੋਕ ਕੌਸ਼ਲ, ਅਧਿਆਪਕ ਆਗੂ ਪ੍ਰੇਮ ਚਾਵਲਾ, ਸੀ ਪੀ ਐੱਫ ਕਰਮਚਾਰੀ ਯੂਨੀਅਨ ਦੇ ਆਗੂ ਕਰਨ ਜੈਨ, ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ ਡੀ ਸੀ ਦਫਤਰ ਕਰਮਚਾਰੀ ਯੂਨੀਅਨ, ਜਤਿੰਦਰ ਕੁਮਾਰ, ਦੇਸ ਰਾਜ ਗੁਰਜਰ ਵਿੱਤ ਸਕੱਤਰ, ਦਰਜਾ ਚਾਰ ਮੁਲਾਜ਼ਮਾਂ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਭਾਣਾ ਆਦਿ ਨੇ ਕੀਤੀ। ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ 1 ਜਨਵਰੀ 2016 ਦੀ ਬਜਾਏ 1 -7 – 2021 ਤੋਂ ਲਾਗੂ ਕਰਨ ਦੀ ਤਜਵੀਜ਼, ਆਪਣੇ ਬਜਟ ਵਿੱਚ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣ ਸਬੰਧੀ, ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਸਬੰਧੀ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਕੋਈ ਵਿਵਸਥਾ ਨਹੀਂ ਕੀਤੀ। ਇਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਅਤੇ ਵਿਧਾਨ ਸਭਾ ਤੋਂ ਮੰਗ ਕੀਤੀ ਗਈ ਕਿ ਪਿਛਲੇ ਚਾਰ ਸਾਲਾਂ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਭੁੱਖ ਹੜਤਾਲ ਜਾਰੀ
ਮਾਨਸਾ (ਪੱਤਰ ਪੇ੍ਰਕ): ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜਿਲ੍ਹਾ ਮਾਨਸਾ ਦੇ ਕਨਵੀਨਰ ਲੱਖਾ ਸਿੰਘ ਸਹਾਰਨਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅੱਠਵੇਂ ਦਿਨ ਭੁੱਖ ਹੜਤਾਲ ਜਾਰੀ ਰਹੀ। ਅੱਜ ਦੀ ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ਵਿੱਚ ਸੋਮ ਦੱਤ ਸ਼ਰਮਾ, ਕਮਲੇਸ਼ ਕੌਰ ਸ਼ਰਮਾ, ਸੁਖਦਰਸ਼ਨ ਕੌਰ ਸ਼ਰਮਾ, ਪਰਮਜੀਤ ਕੌਰ, ਸੁਖਚਰਨ ਸਿੰਘ ਸੱਦੇਵਾਲੀਆ, ਅਵਤਾਰ ਸਿੰਘ ਮਾਸਟਰ, ਕਿ੍ਸ਼ਨ ਜੋਗਾ ਅਤੇ ਰੂਪ ਸਿੰਘ ਉਡਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਊਟ ਸੋਰਸ ਕਾਮੇ, ਦਿਹਾੜੀਦਾਰ ਕਾਮੇ, ਕੰਨਟੈਕਟ ਕਾਮੇ ਬਿਨਾਂ ਸ਼ਰਤ 3 ਸਾਲ ਸੇਵਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਡੀ.ਏ. ਦੀਆਂ ਕਿਸ਼ਤਾਂ ਅਤੇ ਕਿਸ਼ਤਾਂ ਦਾ ਬਕਾਇਆ ਨਕਦ ਰੂਪ ਦਿੱਤਾ ਜਾਵੇ। ਆਗੂ ਹਰਬੰਸ ਸਿੰਘ ਮਾਨਸਾ, ਹਰਗਿਆਨ ਸਿੰਘ ਬੁਰਜ ਢਿੱਲਵਾਂ, ਰਾਮ ਸਿੰਘ ਅੱਕਾਂਵਾਲੀ, ਬਲਵਿੰਦਰ ਸਿੰਘ ਹਾਕਮ ਵਾਲਾ ਨੇ ਸੰਬੋਧਨ ਕੀਤਾ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਤਨਖਾਹ ਬਰਾਬਰ ਕੰਮ ਲਾਗੂ ਕੀਤਾ ਜਾਵੇ।