ਖੇਤਰੀ ਪ੍ਰਤੀਨਿਧ
ਬਰਨਾਲਾ, 5 ਸਤੰਬਰ
ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਸਹਾਇਕ ਸਕੱਤਰ ਹਰਕੇਸ਼ ਚੌਧਰੀ ਅਤੇ ਸੂਬਾ ਕਮੇਟੀ ਮੈਂਬਰ ਹਰਵਿੰਦਰ ਦੀਵਾਨਾ ਨੇ ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ ਮਨਾਇਆ ਜਾਂਦਾ ਇਨਕਲਾਬੀ ਰੰਗ ਮੰਚ ਦਿਹਾੜਾ ਇਸ ਸਾਲ 27 ਸਤੰਬਰ ਸ਼ਾਮ 7 ਵਜੇ ਤੋਂ ਰਾਤ ਦੇ 11 ਵਜੇ ਤੱਕ ਪਿੰਡ ਦੀਵਾਨਾ ਦੀ ਗਰਾਊਂਡ ਵਿੱਚ ਮਨਾਇਆ ਜਾਏਗਾ। ਇਸ ਸਬੰਧੀ ਅੱਜ ਦੀਵਾਨਾ ਪਿੰਡ ਵਿੱਚ ਸਥਾਨਕ ਵਾਸੀਆਂ/ਪ੍ਰਬੰਧਕਾਂ ਦੀ ਬਾਕਾਇਦਾ ਮੀਟਿੰਗ ਵੀ ਹੋਈ। ਪਲਸ ਮੰਚ ਆਗੂਆਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਫੈਸਲਾ ਲਿਆ ਕਿ 26 ਸਤੰਬਰ ਸ਼ਾਮ ਨੂੰ ਪਿੰਡ ਵਿੱਚ ਜਾਗੋ ਕੱਢੀ ਜਾਏਗੀ। ਪਿੰਡ ਅਤੇ ਇਲਾਕੇ ਭਰ ’ਚ ਤਿਆਰੀ ਮੁਹਿੰਮ ਚਲਾਈ ਜਾਏਗੀ। ਉਕਤ ਮੀਟਿੰਗ ਉਪਰੰਤ ਬਾਅਦ ਦੁਪਹਿਰ ਤਰਕਸ਼ੀਲ ਭਵਨ ਬਰਨਾਲਾ ਵਿਖੇ ਪਲਸ ਮੰਚ ਵੱਲੋਂ ਬੁਲਾਈ ਮੀਟਿੰਗ ਵਿੱਚ ਲੋਕ ਪੱਖੀ ਜੱਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਵਿਸ਼ਵਾਸ ਦਿਵਾਇਆ ਕਿ ਪਲਸ ਮੰਚ ਵੱਲੋਂ ਦੀਵਾਨਾ ਪਿੰਡ ਵਿੱਚ ਹੋ ਰਹੇ ਸਮਾਗਮ ਨੂੰ ਭਰਵਾਂ ਸਹਿਯੋਗ ਦਿੱਤਾ ਜਾਵੇਗਾ। ਇਸ ਸਮਾਗਮ ਵਿੱਚ ਗੁਰਸ਼ਰਨ ਸਿੰਘ ਦੀ ਧੀ ਬੁੱਧੀਜੀਵੀ, ਲੇਖਕ, ਅਤੇ ਅਦਾਕਾਰ ਡਾ. ਨਵਸ਼ਰਨ ਸੰਬੋਧਨ ਕਰਨਗੇ। ਚੇਤਨਾ ਕਲਾ ਕੇਂਦਰ ਬਰਨਾਲਾ, ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਜੀਦਾ ਅਤੇ ਲੋਕ ਸੰਗੀਤ ਮੰਡਲੀ ਭਦੌੜ ਵੱਲੋਂ ਨਾਟਕ ਅਤੇ ਗੀਤ ਸੰਗੀਤ ਹੋਏਗਾ।