ਜਸਵੰਤ ਸਿੰਘ ਥਿੰਦ
ਮਮਦੋਟ, 22 ਅਪਰੈਲ
ਇਸ ਸਾਲ ਤੂੜੀ ਦੀਆਂ ਵਧ ਰਹੀਆਂ ਕੀਮਤਾਂ ਅਤੇ ਹਰੇ ਚਾਰੇ ਦੀ ਕਮੀ ਨੂੰ ਪੂਰਾ ਕਰਨ ਲਈ ਕਿਸਾਨਾਂ ਵੱਲੋਂ ਪਸ਼ੂਆਂ ਵਾਸਤੇ ਆਚਾਰ ਵਾਲੀ ਮੱਕੀ ਦੀ ਬਿਜਾਈ ਕੀਤੀ ਜਾ ਰਹੀ ਹੈ। ਇਸ ਕਾਰਨ ਬਾਜ਼ਾਰ ਵਿੱਚ ਮਿਲਣ ਵਾਲੇ ਵੱਖ-ਵੱਖ ਕੰਪਨੀਆਂ ਦੇ ਹਾਈਬ੍ਰਿਡ ਬੀਜਾਂ ਦੀ ਭਾਰੀ ਕਮੀ ਪੈਦਾ ਹੋ ਗਈ ਹੈ। ਬਲਾਕ ਮਮਦੋਟ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਆਚਾਰ ਵਾਸਤੇ ਕਿਸਾਨਾਂ ਵੱਲੋਂ ਪਾਇਨੀਅਰ ਕੰਪਨੀ ਦਾ 1844 ਬੀਜ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪਿੰਡ ਹੁਸੈਨਸ਼ਾਹ ਵਾਲੇ ਦੇ ਕਿਸਾਨ ਹਰਦੀਪ ਸਿੰਘ, ਹਰਵਿੰਦਰ ਸਿੰਘ ਤੇ ਪਿੰਡ ਮਹਿਮਾ ਦੇ ਜੋਗਿੰਦਰ ਸਿੰਘ ਤੋਂ ਇਲਾਵਾ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਬੀਜ ਦੀ ਮੰਗ ਵਧਣ ਕਾਰਨ ਦੁਕਾਨਦਾਰਾਂ ਨੇ ਇਸ ਨੂੰ ਬਲੈਕ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਹੈ। ਜੋ ਚਾਰ ਕਿਲੋ ਦਾ ਥੈਲਾ ਅੱਜ ਤੋਂ ਇਕ ਮਹੀਨਾ ਪਹਿਲਾਂ 1600 ਰੁਪਏ ਵਿੱਚ ਮਿਲ ਰਿਹਾ ਸੀ ਉਸ ਦੀ ਕੀਮਤ ਦੁਕਾਨਦਾਰਾਂ ਨੇ ਵਧਾ ਕੇ 1900 ਤੋਂ 2000 ਹਜ਼ਾਰ ਰੁਪਏ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚਾਰ ਕਿਲੋ ਬੀਜ ਪਿੱਛੇ ਸਿੱਧੇ ਤੌਰ ’ਤੇ 400 ਰੁਪਏ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨਾਂ ਨੇ ਬੀਜ ਵਿਕਰੇਤਾਵਾਂ ’ਤੇ ਬਿੱਲ ਨਾ ਦੇਣ ਦੇ ਵੀ ਦੋਸ਼ ਲਾਏ। ਮੁੱਖ ਖੇਤੀਬਾੜੀ ਅਫਸਰ ਪਿਰਥੀ ਸਿੰਘ ਨੇ ਕਿਹਾ ਕਿ ਉਹ ਕੋਲ ਜਦੋਂ ਕੋਈ ਕਿਸਾਨ ਸ਼ਿਕਾਇਤ ਲੈ ਕੇ ਆਵੇਗਾ ਉਸ ਸਮੇਂ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਰੋਜ਼ਾਨਾ ਚੈਕਿੰਗ ਬਾਰੇ ਪੁੱਛਣ ’ਤੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ।
ਅਣਅਧਿਕਾਰਤ ਬੀਜ ਵੇਚਦੇ ਦੋ ਵਿਅਕਤੀ ਕਾਬੂ
ਸਰਦੂਲਗੜ੍ਹ (ਬਲਜੀਤ ਸਿੰਘ): ਖੇਤੀਬਾੜੀ ਵਿਭਾਗ ਸਰਦੂਲਗੜ੍ਹ ਨੇ ਪਿੰਡ ਝੰਡਾ ਕਲਾਂ ਵਿੱਚ ਨਰਮੇ ਦਾ ਅਣ-ਅਧਿਕਾਰਤ ਬੀਟੀ ਬੀਜ ਵੇਚਣ ਦੇ ਦੋਸ਼ ਵਿੱਚ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਨਰਮੇ ਦੇ ਬੀਜ ਦੇ 66 ਪੈਕੇਟ ਬਰਾਮਦ ਕੀਤੇ ਗਏ ਹਨ। ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸੁਲੇਖ ਅਮਨ ਕੁਮਾਰ ਮਹਿਲਾ ਸੀਡ ਇੰਸਪੈਕਟਰ ਅਤੇ ਖੇਤੀਬਾੜੀ ਵਿਕਾਸ ਅਫਸਰ ਗੁਰਿੰਦਰਜੀਤ ਸਿੰਘ ਨੇ ਪਿੰਡ ਝੰਡਾ ਕਲਾਂ ਵਿੱਚ ਇੱਕ ਕਾਰ ਵਿੱਚ ਨਰਮੇ ਦੀ ਫਸਲ ਦਾ ਗੈਰ ਸਿਫਾਰਿਸ਼ੀ ਬੀਜ ਅਣ-ਅਧਿਕਾਰਤ ਤਰੀਕੇ ਨਾਲ ਵੇਚਣ ਦੇ ਦੋਸ਼ ਵਿੱਚ 2 ਵਿਆਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਗੁਰਜੀਤ ਸਿੰਘ ਭੁੱਲਰ ਪੁੱਤਰ ਬੰਤਾ ਸਿੰਘ ਵਾਸੀ ਪਿੱਥੋ ਜ਼ਿਲ੍ਹਾ ਬਠਿੰਡਾ ਅਤੇ ਸੰਜੈ ਕੁਮਾਰ ਗੁਜਰਾਤ ਵੱਜੋਂ ਹੋਈ ਹੈ।